ਪੰਜਾਬ
ਭਾਜਪਾ ਨੇ ਨਿਗਮ ਚੋਣਾਂ ਲਈ 400 ਤੋਂ ਵੱਧ ਉਮੀਦਵਾਰਾਂ ਦੇ ਨਾਵਾਂ ‘ਤੇ ਲਾਈ ਮੋਹਰ, ਭਾਜਪਾ ਕੱਲ੍ਹ ਕਰੇਗੀ ਨਾਮਾਂ ਦਾ ਐਲਾਨ.

ਚੰਡੀਗੜ: 29 ਜਨਵਰੀ ( ), 14 ਫਰਵਰੀ ਨੂੰ ਹੋਣ ਵਾਲੀਆਂ ਨਿਗਮ ਚੋਣਾਂ ਲਈ ਸੂਬਾ ਭਾਜਪਾ ਵੱਲੋਂ ਚੋਣ ਮੈਦਾਨ ‘ਚ ਆਪਣੇ ਉਮੀਦਵਾਰ ਖੜ੍ਹੇ ਕਾਰਨ ਲਈ ਬੈਠਕਾਂ ਦਾ ਦੌਰ ਜਾਰੀ ਹੈ। ਇਸ ਸਬੰਧ ਵਿੱਚ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਸਥਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਮੀਦਵਾਰਾਂ ਬਾਰੇ ਫੈਸਲਾ ਲਿਆ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਸੂਬਾਈ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੀਟਿੰਗ ਵਿੱਚ ਉਹਨਾਂ ਨਾਲ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਤੀਕਸ਼ਨ ਸੂਦ, ਪ੍ਰੋ. ਰਜਿੰਦਰ ਭੰਡਾਰੀ, ਰਜਿੰਦਰ ਮੋਹਨ ਸਿੰਘ ਛੀਨਾ, ਡਾ ਸੁਭਾਸ਼ ਸ਼ਰਮਾ, ਮੋਨਾ ਜੈਸਵਾਲ, ਰਾਜੇਸ਼ ਬਾਗਾ, ਬਿਕਰਮਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਪ੍ਰਭਾਰੀ ਦੁਸ਼ਯੰਤ ਗੌਤਮ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਸਾਰੇ ਪੰਜਾਬ ਵਿਚ ਨਿਗਮ ਚੋਣਾਂ ਅਤੇ ਉਪ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਹੀ ਹੈ। ਜੀਵਨ ਗੁਪਤਾ ਨੇ ਦੱਸਿਆ ਕਿ 5 ਨਗਰ ਨਿਗਮਾਂ ਦੇ 250 ਵਿਚੋਂ 180 ਉਮੀਦਵਾਰਾਂ ਅਤੇ 23 ਨਗਰ ਪਾਲੀਕਾ ਦੇ 230 ਉਮੀਦਵਾਰਾਂ ਦੇ ਨਾਵਾਂ ‘ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਸੂਬਾ ਭਾਜਪਾ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੋਰ ਉਮੀਦਵਾਰਾਂ ਲਈ ਵਿਚਾਰ ਕੱਲ੍ਹ ਵੀ ਜਾਰੀ ਰਹੇਗਾ। ਉਸ ਤੋਂ ਬਾਅਦ ਸੂਬਾ ਭਾਜਪਾ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਐਲਾਨ ਕਰੇਗੀ।
ਦੁਸ਼ਯੰਤ ਗੌਤਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵਰਕਰ ਨਿਗਮ ਚੋਣਾਂ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ ਅਤੇ ਭਾਜਪਾ ਉਮੀਦਵਾਰ ਵੀ ਇਸ ਚੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਜਪਾ ਵੋਟਰਾਂ ਨੂੰ ਸੂਬੇ ਵਿਚ ਸੱਤਾਧਾਰੀ ਕਾਂਗਰਸ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾਉਣ ਲਈ ਇਕ ਵਿਆਪਕ ਮੁਹਿੰਮ ਚਲਾਏਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਯੋਗ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ ਅਤੇ ਜਿੱਤੇਗੀ। ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਦੀ ਲੋਕਪ੍ਰਿਅਤਾ ਤੋਂ ਘਬਰਾ ਗਈਆਂ ਹਨ ਅਤੇ ਘੱਟ ਰਾਜਨੀਤੀ ਕਰ ਰਹੀਆਂ ਹਨ। ਪਰ ਪੰਜਾਬ ਦੇ ਲੋਕ ਸੂਬੇ ਦੀ ਕਾਂਗਰਸ ਸਰਕਾਰ ਦਾ ਅਸਲ ਚਿਹਰਾ ਸਮਝ ਚੁੱਕੇ ਹਨ ਅਤੇ ਭਾਜਪਾ ਵੱਲ ਮੁੜ ਰਹੇ ਹਨ।