ਸਰਕਾਰੀ ਦਮਨ ਨਾਲ ਨਹੀਂ ਦੱਬੇਗਾ ਕਿਸਾਨ ਅੰਦੋਲਨ, ਹੋਰ ਮਜ਼ਬੂਤ ਹੋ ਕੇ ਅੱਗੇ ਵਧੇਗਾ : ਹਰਪਾਲ ਚੀਮਾ
. ਬਿਜਲੀ, ਪਾਣੀ ਰੋਕ ਕੇ ਕਿਸਾਨਾਂ ਦੀ ਆਵਾਜ਼ ਨਹੀਂ ਦਬਾ ਸਕਦੀ ਮੋਦੀ ਸਰਕਾਰ
.. ਕਿਸਾਨਾਂ ਦੀ ਆਵਾਜ਼ ਚੁੱਕਣ ਕਾਰਨ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੰਜੇ ਸਿੰਘ ਨੂੰ ਸੰਸਦ ‘ਚ ਦਾਖਲ ਤੋਂ ਰੋਕਿਆ
… ਭਾਜਪਾ ਆਪਣੇ ਗੁੰਡਿਆਂ ਤੋਂ ਕਿਸਾਨਾਂ ਉੱਤੇ ਪਥਰਾਅ ਕਰਾਉਣ ਤੋਂ ਬਾਜ਼ ਆਵੇ
ਕਿਹਾ, ਲਾਲ ਕਿਲ੍ਹੇ ਦੀ ਘਟਨਾ ਪਿੱਛੇ ਭਾਜਪਾ ਦਾ ਹੱਥ, 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਮੌਜੂਦ ਸਨ ਭਾਜਪਾ ਦੇ ਗੁੰਡੇ
.. ਮਨੀਸ਼ ਸਿਸੋਦੀਆ, ਰਾਘਵ ਚੱਢਾ ਅਤੇ ਜਰਨੈਲ ਸਿੰਘ ਨੂੰ ਪਾਣੀ ਦੇ ਟੈਂਕਾਂ ਨਾਲ ਦਿੱਲੀ ਬਾਰਡਰ ਉੱਤੇ ਜਾਣ ਤੋਂ ਰੋਕਿਆ ਗਿਆ
ਚੰਡੀਗੜ੍ਹ, 29 ਜਨਵਰੀ 2021
ਕਿਸਾਨ ਅੰਦੋਲਨ ਥਾਵਾਂ ਉੱਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਰੋਕੇ ਜਾਣ ਅਤੇ ਪੁਲਿਸ ਵੱਲੋਂ ਅੰਦੋਲਨ ਨੂੰ ਖ਼ਤਮ ਕਰਨ ਦੇ ਸਰਕਾਰ ਦੇ ਯਤਨਾਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਦੋਲਨ ਉੱਤੇ ਬੈਠੇ ਹੋਏ ਕਿਸਾਨਾਂ ਦਾ ਬਿਜਲੀ ਅਤੇ ਪਾਣੀ ਰੋਕੇ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲਨ ਦਾ ਯਤਨ ਕਰ ਰਹੀ ਹੈ। ਹੁਣ ਇਹ ਅੰਦੋਲਨ ਹੋਰ ਮਜ਼ਬੂਤੀ ਨਾਲ ਅੱਗੇ ਵਧੇਗਾ ਅਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਉਖੇੜ ਸੁੱਟੇਗਾ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਗੁੰਡਿਆਂ ਨੂੰ ਭੇਜ ਕੇ ਕਿਸਾਨਾਂ ਦਾ ਵਿਰੋਧ ਕਰਵਾ ਰਹੀ ਹੈ ਅਤੇ ਕਿਸਾਨਾਂ ਨੂੰ ਡਰਾਉਣ ਦਾ ਯਤਨ ਕਰ ਰਹੀ ਹੈ। ਕੱਲ੍ਹ ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਭਾਜਪਾ ਨੇ ਗਾਜੀਪੁਰ ਬਾਰਡਰ ਉੱਤੇ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਜ਼ਬਰਦਸਤੀ ਖ਼ਾਲੀ ਕਰਾਉਣ ਦਾ ਯਤਨ ਕੀਤਾ ਅਤੇ ਕਿਸਾਨਾਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ।
ਪਾਰਟੀ ਹੈੱਡਕੁਆਟਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਿਪੋਰਟ ਅਨੁਸਾਰ ਪਿਛਲੇ 25 ਸਾਲ ਵਿੱਚ ਪੂਰੇ ਦੇਸ਼ ਵਿੱਚ ਲਗਭਗ ਸਾਡੇ ਤਿੰਨ ਲੱਖ ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ। ਇਹ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਐਨੇ ਕਿਸਾਨਾਂ ਦੀ ਆਤਮਹੱਤਿਆ ਕਰਨ ਦੇ ਬਾਅਦ ਮੋਦੀ ਸਰਕਾਰ ਨੇ ਕਿਸਾਨਾਂ ਦੇ ਜਲੇ ਉੱਤੇ ਨਮਕ ਛਿੜਕਦੇ ਹੋਏ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਬਣਾ ਕੇ ਕਿਸਾਨਾਂ ਦੀ ਖੇਤੀ ਨੂੰ ਉਨ੍ਹਾਂ ਤੋਂ ਖੋਹ ਕੇ ਦੋ-ਚਾਰ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਚੱਕਰ ਵੀਊ ਰਚ ਰਹੀ ਹੈ। ਇਸ ਸਮੇਂ ਕਿਸਾਨਾਂ ਲਈ ਜਿਊਣ ਅਤੇ ਮੌਤ ਦਾ ਸਵਾਲ ਹੈ ਕਿ ਹੁਣ ਜੇਕਰ ਉਹ ਸੜਕਾਂ ਉੱਤੇ ਨਾ ਉੱਤਰੇ ਤਾਂ ਕਿਸਾਨੀ ਨਹੀਂ ਬਚੇਗੀ ਅਤੇ ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਖੇਤਾਂ ਤੋਂ ਬਿਨਾਂ ਕਿਸਾਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਭਵਿੱਖ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਐਨੀ ਠੰਢ ਵਿੱਚ ਕਿਸਾਨ ਸੜਕ ਉੱਤੇ ਇਸ ਲਈ ਬੈਠਿਆ ਹੈ ਕਿਉਂਕਿ ਉਸ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ। ਮੋਦੀ ਸਰਕਾਰ ਦੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਮੇਜ਼ ਥਪਥਪਾ ਰਹੇ ਹਨ ਅਤੇ ਦੇਸ਼ ਦਾ ਕਿਸਾਨ ਖੁੱਲ੍ਹੇਆਮ ਸੰਘਰਸ਼ ਕਰ ਰਿਹਾ ਹੈ, ਪ੍ਰੰਤੂ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਕਿਸਾਨ ਪੂਰੇ ਦੇਸ਼ ਨੂੰ ਖਾਣਾ ਖਵਾਉਂਦਾ ਹੈ, ਅੱਜ ਮੋਦੀ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਪਾਣੀ ਦੇਣ ਤੋਂ ਰੋਕ ਰਹੀ ਹੈ। ਸੰਘਰਸ਼ਸ਼ੀਲ ਕਿਸਾਨ ਆਗੂ ਰਾਕੇਸ਼ ਟਿਕੈਤ ਜੀ ਨੇ ਕੱਲ੍ਹ ਰਾਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੋਂ ਗੱਲ ਕਰਕੇ ਪਾਣੀ ਦੀ ਵਿਵਸਥਾ ਕਰਨ ਦੀ ਗੱਲ ਕਹੀ। ਕਿਸਾਨਾਂ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਪਾਣੀ ਦੇ ਟੈਂਕਰ ਨੂੰ ਅੰਦੋਲਨ ਸਥਾਨ ਉੱਤੇ ਭੇਜਿਆ। ਬਹੁਤ ਦੁੱਖ ਦੀ ਗੱਲ ਹੈ ਕਿ ਸਾਡੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਪਾਣੀ ਦੇ ਟੈਂਕਰਾਂ ਨਾਲ ਸਿੰਘੂ ਬਾਰਡਰ ਪਹੁੰਚੇ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਪਾਣੀ ਲੈ ਕੇ ਜਾਣ ਤੋਂ ਰੋਕ ਦਿੱਤਾ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਜਦੋਂ ਪਾਣੀ ਦੇ ਟੈਂਕਰਾਂ ਨਾਲ ਰਾਕੇਸ਼ ਟਿਕੈਤ ਨੂੰ ਮਿਲਣ ਗਾਜੀਪੁਰ ਬਾਰਡਰ ਪਹੁੰਚੇ ਤਾਂ ਪੁਲਿਸ ਨੇ ਪਾਣੀ ਲੈ ਕੇ ਜਾਣ ਤੋਂ ਮਨਾਂ ਕਰ ਦਿੱਤਾ।
ਆਮ ਆਦਮੀ ਪਾਰਟੀ ਸੰਸਦ ਅੰਦਰ ਅਤੇ ਬਾਹਰ ਹਰ ਥਾਂ ਉੱਤੇ ਕਿਸਾਨਾਂ ਦੀ ਆਵਾਜ਼ ਚੁੱਕਦੀ ਆ ਰਹੀ ਹੈ। ਅੱਜ ਪਾਰਲੀਮੈਂਟ ਦੇ ਸੈਸ਼ਨ ਵਿੱਚ ਸਾਡੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੰਜੇ ਸਿੰਘ ਨੂੰ ਸੰਸਦ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ, ਕਿਉਂਕਿ ਪਿਛਲੀ ਵਾਰ ਉਨ੍ਹਾਂ ਸੰਸਦ ਦੇ ਸੈਂਟਰਲ ਹਾਲ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਸਮਰਥਨ ਵਿੱਚ ਨਾਅਰੇ ਲਗਾਏ ਸਨ। ਇਸ ਤੋਂ ਡਰਦੇ ਹੋਏ ਅੱਜ ਮੋਦੀ ਸਰਕਾਰ ਲੋਕਤੰਤਰ ਦੀ ਮਰਿਆਦਾ ਦਾ ਉਲੰਘਣ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਪਾਰਲੀਮੈਂਟ ਵਿੱਚ ਨਹੀਂ ਜਾਣ ਦਿੱਤਾ। ਸਾਡੀ ਆਵਾਜ਼ ਨੂੰ ਬਦ ਕਰਨ ਕਰਨ ਦਾ ਇਹ ਯਤਨ ਕੀਤਾ ਜਾ ਰਿਹਾ ਹੈ, ਪ੍ਰੰਤੂ ਅਸੀਂ ਅੰਤਿਮ ਸ਼ਾਹ ਤੱਕ ਕਿਸਾਨਾਂ ਅਤੇ ਆਮ ਲੋਕਾਂ ਦੀ ਆਵਾਜ਼ ਚੁੱਕਦੇ ਰਹਾਂਗੇ।
ਲਾਲ ਕਿਲ੍ਹੇ ਦੀ ਘਟਨਾ ਉੱਤੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ 26 ਜਨਵਰੀ ਨੂੰ ਜੋ ਵੀ ਹੋਇਆ ਉਹ ਮੰਦਭਾਗਾ ਸੀ ਅਤੇ ਜੋ ਵੀ ਇਸ ਲਈ ਅਸਲ ਤੌਰ ਉੱਤੇ ਜ਼ਿੰਮੇਵਾਰ ਹਨ ਉਨ੍ਹਾਂ ਵਿਅਕਤੀਆਂ ਅਤੇ ਉਨ੍ਹਾਂ ਨਾਲ ਜੁੜੇ ਪਾਰਟੀ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਲਾਲ ਕਿਲ੍ਹੇ ਉੱਤੇ ਜੋ ਵੀ ਹੋਇਆ ਉਸ ਦੇ ਪਿੱਛੇ ਭਾਜਪਾ ਦੇ ਗੁੰਡਿਆਂ ਦਾ ਹੱਥ ਹੈ। ਭਾਜਪਾ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਤਹਿਤ ਖ਼ੁਦ ਆਪਣੇ ਗੁੰਡਿਆਂ ਨੂੰ ਭੇਜ ਕੇ ਹਿੰਸਾ ਕਰਵਾਈ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਸਿੱਧੀ ਤੇ ਸੈਂਪਲ ਗੱਲ ਕਰ ਰਹੇ ਹਨ ਕਿ ਖੇਤੀ ਬਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਲੱਖਾਂ ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਕਿਸਾਨਾਂ ਦਾ ਅੰਦੋਲਨ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਮੋਦੀ ਸਰਕਾਰ ਖੇਤੀ ਬਾਰੇ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰੇਗੀ। ਚੀਮਾ ਨੇ ਕਿਹਾ ਕਿ ਜਿਸ ਦੇਸ਼ ਦਾ ਕਿਸਾਨ ਦੁਖੀ ਹੋਵੇ, ਉਹ ਦੇਸ਼ ਕਦੇ ਸੁਖੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਇਹ ਕਾਲੇ ਕਾਨੂੰਨ ਕਿਉਂ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਸਿਰਫ਼ ਇੱਕ ਹੀ ਮਿਸ਼ਨ ਹੈ ਕਿ ਕਿਸਾਨਾਂ ਤੋਂ ਖੇਤ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ।
ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਖੜ੍ਹੀ ਹੈ। ਅਸੀਂ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ। ਆਮ ਆਦਮੀ ਪਾਰਟੀ ਦੇ ਵਰਕਰ ਆਪਣੇ-ਆਪਣੇ ਖੇਤਰਾਂ ਵਿੱਚ ਕਿਸਾਨਾਂ ਨਾਲ ਉਨ੍ਹਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਪਾਰਟੀ ਵਰਕਰਾਂ ਬਿਨਾਂ ਪਾਰਟੀ ਦੇ ਝੰਡੇ ਤੋਂ ਇੱਕ ਕਿਸਾਨ ਹੁੰਦੇ ਹੋਏ ਅੰਦੋਲਨ ਵਿੱਚ ਸ਼ਾਮਲ ਹੋਣਗੇ। ਹਰਪਾਲ ਸਿੰਘ ਚੀਮਾ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਜੋ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ ਉਸ ਨੂੰ ਗ਼ੱਦਾਰ ਅਤੇ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ। ਪ੍ਰੰਤੂ ਸਚਾਈ ਇਹ ਹੈ ਕਿ ਭਾਰਤ ਵਿੱਚ ਕਿਸਾਨਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੈ। ਕਿਸਾਨ ਭਾਰਤ ਮਾਤਾ ਦੇ ਸੱਚੇ ਸਪੂਤ ਹਨ। ਇਸ ਲਈ ਮੋਦੀ ਸਰਕਾਰ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੇ।