ਪੰਜਾਬ

ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਪੈਰਾਂ ਥੱਲੇ ਲਤੜਨਾ ਚਾਹੁੰਦੀ ਹੈ ਮੋਦੀ ਸਰਕਾਰ : ਹਰਮਿੰਦਰ  ਗਿੱਲ

ਕਿਸਾਨ ਅੰਦੋਲਨ ਨੂੰ ਦਬਾਉਣ ਲਈ ਘਟੀਆ ਹੱਥਕੰਡੇ ਅਪਣਾ ਰਹੀ ਹੈ ਕੇਂਦਰ ਦੀ ਭਾਜਪਾ ਸਰਕਾਰ
ਰਾਸ਼ਟਰਪਤੀ ਵੱਲੋਂ ਆਪਣੇ ਭਾਸ਼ਣ ਦੌਰਾਨ ਖੇਤੀ ਬਿੱਲਾਂ ਦੀ ਸ਼ਲਾਘਾ ਕਰਨਾ ਨਿੰਦਣਯੋਗ
ਤਰਨ ਤਾਰਨ, 29 ਜਨਵਰੀ :
ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਘਟੀਆ ਹੱਥਕੰਡੇ ਅਪਣਾ ਰਹੀ ਹੈ ਅਤੇ ਆਪਣੇ ਗੁੰਡਿਆਂ ਨੂੰ ਲਾਠੀਆਂ ਦੇ ਕੇ ਅਤੇ ਪੱਥਰਬਾਜ਼ੀ ਕਰਨ ਲਈ ਉਕਸਾ ਕੇ ਕਿਸਾਨਾਂ ਦੇ ਟੈਂਟ ਉਖਾੜਨ ਲਈ ਭੇਜ ਰਹੀ ਹੈ, ਜੋ ਕਿ ਲੋਕਤੰਤਰ ਦਾ ਘਾਣ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਵਿਧਾਇਕ ਪੱਟੀ  ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਲੱਖਾਂ ਕਿਸਾਨਾਂ ਨੂੰ ਦੀਆਂ ਭਾਵਨਾਵਾਂ ਨੂੰ ਪੈਰਾਂ ਥੱਲੇ ਲਤੜਨਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਦੇ ਟੈਂਟਾਂ ਦੀ ਭੰਨਤੋੜ ਕਰਨ ਵਾਲਿਆਂ ‘ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਹਨ, ਕਿਉਂਕਿ ਕਾਨੂੰਨ ਸਭ ਲਈ ਇੱਕ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕੌਣ ਹਨ, ਕਿਥੋਂ ਆਏ ਹਨ ਅਤੇ ਉਹਨਾਂ ਨੂੰ ਕਿਸ ਨੇ ਭੇਜਿਆ ਹੈ।
ਉਹਨਾਂ ਕਿਹਾ ਕਿ ਅੱਜ ਰਾਸ਼ਟਰਪਤੀ ਵੱਲੋਂ ਆਪਣੇ ਭਾਸ਼ਣ ਦੌਰਾਨ ਖੇਤੀ ਬਿੱਲਾਂ ਦੀ ਸ਼ਲਾਘਾ ਕਰਨਾ ਨਿੰਦਣਯੋਗ ਹੈ, ਜਦੋਕਿ ਕਿਸਾਨਾਂ ਨਾਲ ਮੀਟਿੰਗ ਦੌਰਾਨ ਕੇਂਦਰ ਸਰਕਾਰ ਇਹਨਾਂ ਬਿੱਲਾਂ ਵਿੱਚ ਤਰੁੱਟੀਆਂ ਨੂੰ ਮੰਨਦੇ ਹੋਏ ਦੂਰ ਕਰਨ ਲਈ ਤਿਆਰ ਸੀ।ਉਹਨਾਂ ਕਿਹਾ ਕਿ ਜਦੋਂ ਤਰੁੱਟੀਆ ਨਾਲ ਭਰਪੂਰ ਇਹ ਕਿਸਾਨ ਬਿੱਲਾਂ ਰਾਸ਼ਟਰਪਤੀ ਸ਼ਲਾਘਾ ਕਰਨ, ਇਹ ਸ਼ੋਭਾ ਨਹੀਂ ਦਿੰਦਾ, ਜੋ ਕਿ ਸੰਸਦ ਅਤੇ ਦੇਸ਼ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ।
ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਹੱਥਕੰਡੇ ਅਪਣਾਉਣ ਦੀ ਬਜਾਏ ਕਿਸਾਨਾਂ ਦਾ ਦਰਦ ਸਮਝਣਾ ਚਾਹੀਦਾ ਹੈ।ਉਹਨਾਂ ਕਿਹਾ ਕਿ 150 ਤੋਂ ਵੱਧ ਲੋਕ ਠੰਢ ਕਾਰਨ ਮਰ ਚੁੱਕੇ ਹਨ ਅਤੇ ਉਹਨਾਂ ਦੀਆਂ ਲਾਸ਼ਾ ਪੰਜਾਬ ਵਿੱਚ ਘਰੋ-ਘਰੀ ਆ ਰਹੀਆਂ ਹਨ।ਉਹਨਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਹਰ ਇੱਕ ਕਿਸਾਨ ਦੀ ਜਾਤੀ ਲੜਾਈ ਹੈ ਅਤੇ ਇਸ ਗੱਲ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜੇਕਰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਇਆ ਹੈ ਤਾਂ ਇਸ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਲੋਕਾਂ ਨੂੰ ਘਰੋ-ਘਰੀਂ ਭੇਜਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਰਕਾਰ ਸ਼ਾਤੀ ਨਾਲ ਬੈਠੇ ਲੋਕਾਂ ਨੂੰ ਅਸ਼ਾਂਤ ਕਰਨਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਗੱਲਬਾਤ ਦਾ ਦੌਰ ਸ਼ੁਰੂ ਕਰਨਾ ਚਾਹੀਦਾ ਹੈ, ਇਸ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਫਰਜ਼ਾਂ ਪ੍ਰਤੀ ਕੁਤਾਹੀ ਕਰ ਰਹੀ ਹੈ ਅਤੇ ਤਾਕਤ ਦੇ ਜ਼ੋਰ ਨਾਲ ਇਸ ਲੋਕ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ।ਉਹਨਾਂ ਕਿਹਾ ਜੋ ਕੁਝ ਦਿੱਲੀ ਦੀਆਂ ਸੜਕਾਂ, ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ ‘ਤੇ ਹੋ ਰਿਹਾ, ਉਹ ਮੋਦੀ ਅਤੇ ਅਮਿਤ ਸ਼ਾਹ  ਦੀ ਮਿਲੀਭੁਗਤ ਹੈ, ਜਿਸ ਕਰਕੇ ਲੋਕਾਂ ਨੰੁ ਮਾਰਿਆ, ਕੁੱਟਿਆ ਅਤੇ ਲਤਾੜਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਲਾਲ ਕਿਸੇ ਦੀ ਘਟਨਾ ਵੀ ਇੱਕ ਸਾਜ਼ਿਸ ਦਾ ਨਤੀਜਾ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸੇ ਗਲਤਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਾਰੇ ਦੇਸ਼ ਦੇ ਕਿਸਾਨ ਇਸ ਅੰਦੋਲਨ ਦੇ ਨਾਲ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!