ਪੰਜਾਬ

ਅਮਨ ਅਰੋੜਾ ਨੇ ਰੋਜ਼ਗਾਰ ਉਤਪਤੀ ਮੰਤਰੀ ਵਜੋਂ ਅਹੁਦਾ ਸੰਭਾਲਿਆ; ਅਧਿਕਾਰੀਆਂ ਨੂੰ ਉਦਯੋਗ ਦੀਆਂ ਲੋੜਾਂ ਤੇ ਹੁਨਰਮੰਦ ਕਾਮਿਆਂ ਵਿਚਲੇ ਪਾੜੇ ਨੂੰ ਪੂਰਨ ਦੇ ਨਿਰਦੇਸ਼

• ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਰੋਜ਼ਗਾਰ ਦੇ ਵੱਧ ਮੌਕਿਆਂ ਵਾਲੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਵਿਆਪਕ ਯੋਜਨਾ ਤਿਆਰ ਕਰਨ ਵਾਸਤੇ ਵੀ ਕਿਹਾ

ਚੰਡੀਗੜ੍ਹ, 27 ਮਾਰਚ:

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੌਜਵਾਨਾਂ ਨੂੰ ਨੌਕਰੀਆਂ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਦਯੋਗਾਂ ਦੀਆਂ ਲੋੜਾਂ ਅਤੇ ਆਧੁਨਿਕ ਸਮੇਂ ਦੇ ਬਦਲਦੇ ਰੁਝਾਨਾਂ ਅਨੁਸਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਹੋਰ ਸਰਗਰਮੀ ਨਾਲ ਕੰਮ ਕਰਨ।

ਉਹ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਵਜੋਂ ਚਾਰਜ ਸੰਭਾਲਣ ਉਪਰੰਤ ਇਥੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਸ੍ਰੀ ਅਮਨ ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਦਯੋਗਾਂ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਕਾਮੇ ਆਸਾਨੀ ਨਾਲ ਉਪਲਬਧ ਹੋਣੇ ਚਾਹੀਦੇ ਹਨ ਤਾਂ ਜੋ ਉਦਯੋਗਾਂ ਦੀਆਂ ਲੋੜਾਂ ਅਤੇ ਹੁਨਰਮੰਦ ਕਾਮਿਆਂ ਵਿਚਲੇ ਪਾੜੇ ਨੂੰ ਪੂਰਿਆ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਨੌਜਵਾਨਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਸਿਖਲਾਈ ਦੇਣ ਲਈ ਇੱਕ ਵਿਆਪਕ ਯੋਜਨਾ ਤਿਆਰ ਕਰਨ, ਜਿਨ੍ਹਾਂ ਵਿੱਚ ਰੋਜ਼ਗਾਰ ਦੀ ਬਹੁਤਾਤ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀ ਹਾਸਲ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ।

ਇੱਕ ਪੇਸ਼ਕਾਰੀ ਦਿੰਦਿਆਂ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀ ਕੁਮਾਰ ਰਾਹੁਲ ਅਤੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਕੈਬਨਿਟ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਲਈ 2003 ਪਲੇਸਮੈਂਟ ਕੈਂਪ ਲਗਾ ਕੇ 1,21,335 ਉਮੀਦਵਾਰਾਂ ਦੀ ਸਹਾਇਤਾ ਕੀਤੀ ਗਈ ਹੈ। ਇਸ ਤੋਂ ਇਲਾਵਾ 32,383 ਉਮੀਦਵਾਰਾਂ ਨੂੰ ਹੁਨਰ ਸਿਖਲਾਈ ਦੇਣ ਤੋਂ ਇਲਾਵਾ 799 ਕੈਂਪ ਲਗਾ ਕੇ 80329 ਉਮੀਦਵਾਰਾਂ ਨੂੰ ਸਵੈ-ਰੋਜ਼ਗਾਰ ਲਈ ਸਿਖਲਾਈ ਦਿੱਤੀ ਗਈ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿਖੇ ਪੰਜ ਮਲਟੀ-ਸਕਿੱਲ ਡਿਵੈਲਪਮੈਂਟ ਸੈਂਟਰ ਨੌਜਵਾਨਾਂ ਨੂੰ ਵੱਖ-ਵੱਖ ਕੋਰਸਾਂ ਵਿੱਚ ਸਿਖਲਾਈ ਦੇ ਰਹੇ ਹਨ।

ਡਾਇਰੈਕਟਰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੇਜਰ ਜਨਰਲ ਜੇ.ਐਸ. ਸੰਧੂ, ਡਾਇਰੈਕਟਰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੇਜਰ ਜਨਰਲ ਅਜੈ ਐਚ. ਚੌਹਾਨ, ਡਾਇਰੈਕਟਰ ਜਨਰਲ ਸੀ-ਪਾਈਟ ਮੇਜਰ ਜਨਰਲ ਰਾਮਬੀਰ ਸਿੰਘ ਮਾਨ ਨੇ ਸ੍ਰੀ ਅਮਨ ਅਰੋੜਾ ਨੂੰ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਬਾਰੇ ਵੀ ਜਾਣੂ ਕਰਵਾਇਆ।

ਇਸ ਮੀਟਿੰਗ ਵਿੱਚ ਜੁਆਇੰਟ ਡਾਇਰੈਕਟਰ ਰੋਜ਼ਗਾਰ ਉਤਪਤੀ ਵਿਭਾਗ ਸ੍ਰੀਮਤੀ ਸੰਜੀਦਾ ਬੇਰੀ, ਜਨਰਲ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ, ਪੰਜਾਬ/ਪੀ.ਜੀ.ਆਰ.ਕੇ.ਏ.ਐਮ. ਸ੍ਰੀ ਸੁਰਿੰਦਰ ਮੋਹਨ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!