ਪੰਜਾਬ

ਕੈਬਨਿਟ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਪੁਨਰਗਠਨ ਦੀ ਪ੍ਰਵਾਨਗੀ

ਚੰਡੀਗੜ੍ਹ, 11 ਜਨਵਰੀ:
ਬਦਲਦੇ ਮਾਹੌਲ ਦੇ ਮੱਦੇਨਜ਼ਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੋਮਵਾਰ ਨੂੰ ਇਸ ਦੇ ਪੁਨਰਗਠਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਉਭਰ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਮੌਜੂਦਾ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਠੇਕਾ ਅਧਾਰ ‘ਤੇ ਭਰਤੀ ਕਰਕੇ ਕੰਮਕਾਜ ਵਿੱਚ ਲਚਕਤਾ ਲਿਆਉਣ ਵਾਸਤੇ ਵਿਭਾਗ ਦੇ ਪੁਨਰਗਠਨ ਲਈ ਇਕ ਵਿਆਪਕ ਪ੍ਰਸਤਾਵ ਤਿਆਰ ਕੀਤਾ ਗਿਆ। ਨਵੀਆਂ ਅਸਾਮੀਆਂ ਸਿਰਜਣ ਲਈ ਕੁਝ ਰਵਾਇਤੀ ਅਸਾਮੀਆਂ ਖਤਮ ਕਰਨ ਦੀ ਤਜਵੀਜ਼ ਕੀਤੀ ਗਈ ਹੈ ਜੋ ਵਿਭਾਗ ਦੀ ਸਮੁੱਚੀ ਕਾਰਜ ਕੁਸ਼ਲਤਾ ਅਤੇ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ। ਇਸ ਲੋੜੀਂਦੀ ਬਣਤਰ ਵਿੱਚ ਦਰਜਾਬੰਦੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਗੌਰਤਲਬ ਹੈ ਕਿ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦੇ ਪ੍ਰਚਾਰ ਲਈ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵਿਭਾਗ ਆਪਣੀਆਂ ਰਵਾਇਤੀ ਵਿਧੀਆਂ ਜਿਵੇਂ ਕਿ ਪ੍ਰਦਰਸ਼ਨੀ, ਗੀਤ ਤੇ ਨਾਟਕ, ਸਿਨੇਮਾ ਆਦਿ ਦੀ ਵਰਤੋਂ ਜ਼ਮੀਨੀ ਪੱਧਰ ‘ਤੇ ਸੰਦੇਸ਼ ਪੰਹੁਚਾਉਣ ਲਈ ਕਰਦਾ ਸੀ। ਸਮੇਂ ਦੇ ਨਾਲ ਅਖਬਾਰਾਂ, ਰਸਾਲਿਆਂ ਅਤੇ ਇਲੈਕਟ੍ਰਾਨਿਕ ਮਾਧਿਅਮ ਜਿਵੇਂ ਟੀ.ਵੀ. ਅਤੇ ਰੇਡੀਓ ਵਧੇਰੇ ਮਹੱਤਵਪੂਰਨ ਬਣ ਗਏ। ਹੁਣ ਸੋਸ਼ਲ ਮੀਡੀਆ, ਸੰਚਾਰ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਬਣ ਕੇ ਉੱਭਰਿਆ ਹੈ। ਹਾਲਾਂਕਿ, ਵਿਭਾਗ ਵੱਲੋਂ ਸੰਚਾਰ ਦੇ ਉਭਰ ਰਹੇ ਮਾਧਿਅਮਾਂ ਦੀ ਬਜਾਏ ਸੰਚਾਰ ਦੇ ਰਵਾਇਤੀ ਮਾਧਿਅਮਾਂ ਲਈ ਭਰਤੀ ਕੀਤੀ ਜਾਂਦੀ ਰਹੀ ਹੈ।
ਪੰਜਾਬ ਸਿਵਲ ਸਕੱਤਰੇਤ (ਸਟੇਟ ਸਰਵਿਸਜ਼ ਕਲਾਸ-3) ਰੂਲਜ਼, 1976 ‘ਚ ਸੋਧ ਨੂੰ ਪ੍ਰਵਾਨਗੀ
ਮੰਤਰੀ ਮੰਡਲ ਨੇ ਪੰਜਾਬ ਸਿਵਲ ਸਕੱਤਰੇਤ (ਸਟੇਟ ਸਰਵਿਸਜ਼ ਕਲਾਸ-3 ) ਰੂਲਜ਼, 1976 ਅਤੇ 23 ਦਸੰਬਰ, 1995 ਨੂੰ ਆਮ ਰਾਜ ਪ੍ਰਬੰਧ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਸਟੈਨੋ ਟਾਈਪਿਸਟ ਦੇ ਕਾਡਰ ਵਿੱਚ ਕੰਮ ਕਰ ਰਹੇ ਕਰਮਚਾਰੀ, ਜੋ 50 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਨੂੰ ਵਿਭਾਗੀ ਯੋਗਤਾ ਪ੍ਰੀਖਿਆ ਤੋਂ ਛੋਟ ਦੇ ਕੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਵਜੋਂ ਤਰੱਕੀ ਦਾ ਘੱਟੋ ਘੱਟ ਇਕ ਮੌਕਾ ਦਿੱਤਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!