ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ
ਖਰੜ (ਮੁਹਾਲੀ), 31 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਨਵੇਂ ਸਾਲ ਦੇ ਤੋਹਫੇ ਵਜੋਂ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ। ਇਹ ਕੌਰੀਡੋਰ ਇਸ ਖੇਤਰ ਦੇ ਆਰਥਿਕ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ ਅਤੇ ਇਸ ਰਾਸਤੇ ਲੱਗਦੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕੌਰੀਡੋਰ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜਿਹੜਾ ਚੰਡੀਗੜ੍ਹ ਦੇ ਸੈਕਟਰ 39 ਦੇ ਚੌਕ ਤੋਂ ਸ਼ੁਰੂ ਹੋ ਕੇ ਖਾਨਪੁਰ ਤੱਕ 10 ਕਿਲੋਮੀਟਰ 185 ਮੀਟਰ ਲੰਬਾ ਹੈ, ਇਸ ਖੇਤਰ ਦੇ ਲੋਕਾਂ ਦੀ ਪੁਰਾਣੀ ਮੰਗ ਪੂਰੀ ਹੋ ਗਈ ਹੈ। 28 ਦਸੰਬਰ ਨੂੰ ਤੀਜੇ ਫੇਜ਼ ਦੀ ਸ਼ੁਰੂਆਤ ਦੇ ਨਾਲ ਇਹ ਪ੍ਰਾਜੈਕਟ 96 ਫੀਸਦੀ ਪੂਰਾ ਹੋ ਗਿਆ ਜਦੋਂ ਕਿ ਬਾਕੀ ਬਚਦਾ ਹਿੱਸਾ (ਖਾਨਪੁਰ ਵਿਖੇ ਸੜਕ ਦਾ ਇਕ ਪਾਸਾ) ਜਨਵਰੀ 2021 ਦੇ ਅੱਧ ਤੱਕ ਪੂਰਾ ਹੋ ਜਾਵੇਗਾ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤਮਈ ਢੰਗ ਨਾਲ ਜ਼ਮੀਨ ਗ੍ਰਹਿਣ ਕਰਨ ਅਤੇ ਜ਼ਮੀਨ ਮਾਲਕਾਂ ਦੀ ਮੁੜ ਵਿਵਸਥਾ ਨੇਪਰੇ ਚਾੜ੍ਹਨ ਲਈ ਸਿਵਲ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੱਤੀ ਅਤੇ ਤੇਜ਼ੀ ਨਾਲ ਪ੍ਰਾਜੈਕਟ ਮੁਕੰਮਲ ਕਰਨ ਲਈ ਕੌਮੀ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੀ ਸਲਾਹੁਤਾ ਵੀ ਕੀਤੀ। ਇਹ ਪ੍ਰਾਜੈਕਟ ਸੂਬੇ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਣੀਆਂ ਰੁਕਾਵਟਾਂ ਕਰਕੇ ਕਾਫੀ ਲੇਟ ਹੋ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ ਕਾਰਜਕਾਲ ਸੰਭਾਲਿਆ ਸੀ ਤਾਂ ਉਨ੍ਹਾਂ ਦੀ ਸਰਕਾਰ ਨੂੰ ਬਦਲਵੇਂ ਟ੍ਰੈਫਿਕ ਦੀ ਅਸਫਲਤਾ, ਬਿਜਲੀ ਬੋਰਡ ਵੱਲੋਂ ਹਾਈ ਟੈਨਸ਼ਨ ਤਾਰਾਂ ਨੂੰ ਨਾ ਬਦਲਣਾ, ਜ਼ਮੀਨ ਮਾਲਕਾਂ ਵੱਲੋਂ ਗ੍ਰਹਿਣ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਾਰਨ ਗ੍ਰਹਿਣ ਕੀਤੀ ਜ਼ਮੀਨ ਨੂੰ ਖਾਲੀ ਨਾ ਕਰਨਾ, ਕਈ ਅਦਾਲਤੀ ਕੇਸ ਅਤੇ ਰੋਕ ਦੇ ਹੁਕਮਾਂ ਦੇ ਰੂਪ ਵਿੱਚ ਪੁਰਾਣੀ ਸਰਕਾਰ ਦੀਆਂ ਨਾਕਾਮੀਆਂ ਵਿਰਸੇ ਵਿੱਚ ਮਿਲੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨਾ ਸ਼ੁਰੂ ਕੀਤਾ ਗਿਆ ਜਿਨ੍ਹਾਂ ਵਿੱਚ ਬਿਜਲੀ ਬੋਰਡ ਵੱਲੋਂ ਹਾਈ ਟੈਨਸ਼ਨ ਤਾਰਾਂ ਨੂੰ ਬਦਲਣਾ, ਗ੍ਰਹਿਣ ਕੀਤੀ ਜ਼ਮੀਨ ਬਦਲੇ ਮਾਲਕਾਂ ਨੂੰ 99 ਫੀਸਦੀ ਮੁਆਵਜ਼ਾ ਦੇਣਾ ਯਕੀਨੀ ਬਣਾਉਣਾ, ਗ੍ਰਹਿਣ ਕੀਤੇ 50 ਢਾਂਚਿਆਂ ਨੂੰ ਖਾਲੀ ਕਰਵਾ ਕੇ ਢਾਹੁਣਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਕੁਸ਼ਲ ਕਾਨੂੰਨੀ ਟੀਮ ਵੱਲੋਂ ਕਾਨੂੰਨੀ ਅੜਚਣਾਂ ਦੂਰ ਕੀਤੀਆਂ ਗਈਆਂ ਅਤੇ ਰੋਕ ਦੇ ਹੁਕਮ ਹਟਾਏ ਗਏ। ਇਸ ਤੋਂ ਇਲਾਵਾ ਟ੍ਰੈਫਿਕ ਦੇ ਬਦਲਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ 8 ਮਾਰਸ਼ਲਾਂ ਦੀ ਅਗਵਾਈ ਹੇਠ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਲੌਕਡਾਊਨ ਦੌਰਾਨ ਕੰਮ ਜਾਰੀ ਰੱਖਣ ਲਈ ਜਗ੍ਹਾਂ ‘ਤੇ ਮਜ਼ਦੂਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ 9 ਜੂਨ 2016 ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਪੜਾਅ ਵਿੱਚ ਸੈਕਟਰ 39 ਚੌਕ-ਵੇਰਕਾ ਚੌਕ ਤੋਂ ਬਲੌਗੀ ਅੰਡਰਪਾਸ ਲੋਕਾਂ ਲਈ 25 ਸਤੰਬਰ 2020 ਨੂੰ ਖੋਲ੍ਹਿਆ ਗਿਆ। ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਲੁਧਿਆਣਾ ਵੱਲ ਫਲਾਈਓਵਰ (ਦੇਸੂਮਾਜਰਾ ਤੋਂ ਖਾਨਪੁਰ) 12 ਦਸੰਬਰ 2020 ਅਤੇ ਤੀਜੇ ਪੜਾਅ ਵਿੱਚ ਦਾਉਂ ਤੋਂ ਦੇਸੂਮਾਜਰਾ ਤੱਕ 28 ਦਸੰਬਰ 2020 ਨੂੰ ਸ਼ੁਰੂ ਹੋਇਆ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਇਸ ਕੌਮੀ ਹਾਈਵੇ ਪ੍ਰਾਜੈਕਟ ਨੂੰ ਪੰਜਾਬ ਵਿੱਚ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਨਿਤੀਨ ਗਡਕਰੀ ਦਾ ਧੰਨਵਾਦ ਕੀਤਾ। ਅਜਿਹੇ ਹੀ ਹੋਰ ਕੌਮੀ ਹਾਈਵੇ ਪ੍ਰਾਜੈਕਟਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੱਟੜਾ-ਦਿੱਲੀ 16 ਲੇਨ ਐਕਸਪ੍ਰੈਸਵੇਅ ਅਤੇ ਹੋਰ ਕਈ ਪ੍ਰਾਜੈਕਟਾਂ ਉਤੇ ਕੰਮ ਚੱਲ ਰਿਹਾ ਹੈ ਜਿਨ੍ਹਾਂ ਦੀ ਜ਼ਮੀਨ ਗ੍ਰਹਿਣ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਹਾਲੀ ਜ਼ਿਲੇ ਵਿੱਚ ਲਾਂਡਰਾ ਵਿਖੇ ਸੂਬਾਈ ਹਾਈਵੇ ਪ੍ਰਾਜੈਕਟ ਲਈ 27 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਮੁਹਾਲੀ ਤੋਂ ਵਿਧਾਇਕ ਵੀ ਹਨ, ਨੇ ਬੋਲਦਿਆਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਇਕਹਿਰੇ ਥੰਮ੍ਹਾਂ ਦੇ ਸਹਾਰੇ 3.2 ਕਿਲੋਮੀਟਰ ਲੰਬਾ ਛੇ ਮਾਰਗੀ ਐਲੀਵੇਟ ਕੌਰੀਡੋਰ, ਤਿੰਨ ਅੰਡਰਪਾਸ (ਬਲੌਂਗੀ, ਦਾਉਂ ਤੇ ਏਅਰਪੋਰਟ ਰੋਡ) ਅਤੇ ਖਾਨਪੁਰ ਵਿਖੇ ਲੁਧਿਆਣਾ ਤੇ ਰੋਪੜ ਰੋਡ ਨੂੰ ਜੋੜਦਾ ਇਕ ਵੱਡਾ ਇੰਟਰਚੇਜ ਸ਼ਾਮਲ ਹੈ। ਇਸ ਪ੍ਰਾਜੈਕਟ ਦੇ ਨਾਲ ਰੋਜ਼ਾਨਾ ਵੱਡੀ ਗਿਣਤੀ ਵਿੱਚ ਜਾਂਦੇ ਰਾਹਗੀਰਾਂ ਨੂੰ ਵੱਡਾ ਫਾਇਦਾ ਹੋਵੇਗਾ। ਇਥੇ ਲੱਗਦੇ ਟ੍ਰੈਫਿਕ ਜਾਮ ਖਤਮ ਹੋਣਗੇ ਜੋ ਲੋਕਾਂ ਲਈ ਪ੍ਰੇਸ਼ਾਨੀ ਅਤੇ ਮੁਸ਼ਕਲ ਦਾ ਕਾਰਨ ਬਣਦੇ ਸਨ। ਉਨ੍ਹਾਂ ਕਿਹਾ ਕਿ ਜੋ ਲੋਕ ਰੋਜ਼ਾਨਾ ਟ੍ਰਾਈਸਿਟੀ ਜਾਂਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਕਰਕੇ ਫਾਇਦਾ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਆਈ.ਜੀ.ਰੋਪੜ ਰੇਂਜ ਅਮਿਤ ਪ੍ਰਸਾਦ, ਏ.ਡੀ.ਸੀ. (ਜਨਰਲ) ਮੁਹਾਲੀ ਆਸ਼ਿਕਾ ਜੈਨ, ਐਸ.ਐਸ.ਪੀ. ਮੁਹਾਲੀ ਸਤਿੰਦਰ ਸਿੰਘ ਤੇ ਐਸ.ਡੀ.ਐਮ. ਖਰੜ ਹਿਮਾਂਸ਼ੂ ਜੈਨ ਵੀ ਹਾਜ਼ਰ ਸਨ।