ਸੁਨੀਲ ਜਾਖੜ ਨੇ ਰਾਜਪਾਲ ਨੂੰ ਯਾਦ ਕਰਵਾਇਆ ਕਿ ਪੰਜਾਬ ਪੱਛਮੀ ਬੰਗਾਲ ਜਾਂ ਪੁਡੂਚੇਰੀ ਨਹੀਂ ਹੈ
ਰਾਜਪਾਲ ਵੱਲੋਂ ਸੂਬੇ ਦੇ ਮਾਮਲਿਆਂ ਵਿਚ ਬਿਨਾਂ ਕਿਸੇ ਕਾਰਨ ਤੋਂ ਦਖਲ ਦਿੱਤੇ ਜਾਣ ਦੀ ਅਲੋਚਣਾ
ਚੰਡੀਗੜ, 31 ਦਸੰਬਰ () :
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਭਾਜਪਾ ਤੇ ਵਰਦਿਆਂ ਉਸ ਵੱਲੋਂ ਰਾਜ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸਾਂਤਮਈ ਅੰਦੋਲਣ ਤੋਂ ਧਿਆਨ ਭਟਕਾਉਣ ਲਈ ਕਿਸਾਨਾਂ ਅਤੇ ਸਥਾਨਕ ਅਧਿਕਾਰੀਆਂ ਵਿਚ ਟਕਰਾਅ ਪੈਦਾ ਕਰਨ ਲਈ ਖੇਡੀ ਜਾ ਰਹੀ ਕੋਝੀ ਖੇਡ ਦੀ ਸਖ਼ਤ ਨਿੰਦਾ ਕੀਤੀ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਪਿੱਛੇ ਕੁਝ ਸਿਆਸੀ ਪਾਰਟੀਆਂ ਦੇ ਇਸਾਰੇ ਤੇ ਕੰਮ ਕਰਨ ਵਾਲੇ ਲੋਕ ਹੋ ਸਕਦੇ ਹਨ ਜੋ ਕਿ ਕਿਸਾਨਾਂ ਦੇ ਸਾਂਤਮਈ ਅਤੇ ਕਾਨੂੰਨੀ ਤਰੀਕੇ ਨਾਲ ਕੀਤੇ ਜਾ ਰਹੇ ਘੋਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨਾਂ ਨੇ ਭਾਜਪਾ ਆਗੂਆਂ ਵੱਲੋਂ ਦਿੱਤੀ ਗਈ ਬੇਬੁਨਿਆਦ ਜਾਣਕਾਰੀ ਦੇ ਅਧਾਰ ਤੇ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਤਲਬ ਕਰਨ ਦੇ ਬੇਲੋੜੇ ਫੈਸਲੇ ਤੇ ਦੁੱਖ ਪ੍ਰਗਟਾਇਆ। ਉਨਾਂ ਨੇ ਰਾਜਪਾਲ ਵੱਲੋਂ ਸੂਬੇ ਦੇ ਮਾਮਲਿਆਂ ਵਿਚ ਬਿਨਾਂ ਕਿਸੇ ਕਾਰਨ ਤੋਂ ਦਖਲ ਦਿੱਤੇ ਜਾਣ ਦੀ ਅਲੋਚਣਾ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਸੰਘੀ ਢਾਂਚੇ ਦੇ ਉਲਟ ਹੈ।
ਉਨਾਂ ਨੇ ਕਿਹਾ ਕਿ ਕਾਂਗਰਸ ਹਮੇਸਾ ਸੰਵਿਧਾਨਕ ਅਹੁਦਿਆਂ ਦੀ ਖੁਦਮੁਖਤਿਆਰੀ ਦੀ ਸਮਰੱਥਕ ਰਹੀ ਹੈ। ਪਰ ਰਾਜਪਾਲ ਵੱਲੋਂ ਰਾਜ ਦੇ ਅਧਿਕਾਰ ਖੇਤਰ ਵਿਚ ਬਿਨਾਂ ਵਜਾਂ ਦਖਲ ਸਵਿਕਾਰ ਨਹੀਂ ਹੈ। ਉਨਾਂ ਨੇ ਕਿਹਾ ਕਿ ਪੰਜਾਬ ਨਾ ਤਾਂ ਪੱਛਮੀ ਬੰਗਾਲ ਹੈ ਅਤੇ ਨਾ ਹੀ ਪੁਡੁਚੇਰੀ ਜਿੱਥੇ ਰਾਜਪਾਲ ਸਥਾਨਕ ਰਾਜਨੀਤੀ ਵਿਚ ਸ਼ਾਮਿਲ ਹੋ ਰਹੇ ਹਨ। ਉਨਾਂ ਨੇ ਕਿਹਾ ਕਿ ਸੰਵਿਧਾਨ ਦੇ ਉਲਟ ਜਾ ਕੇ ਕੀਤੀ ਜਾ ਰਹੀ ਅਜਿਹੀ ਕਾਰਵਾਈ ਦਾ ਪੰਜਾਬ ਵਿਚ ਵਿਰੋਧ ਕੀਤਾ ਜਾਵੇਗਾ।
ਭਾਜਪਾ ਵੱਲੋਂ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਪ੍ਰਗਟਾਏ ਖਦਸ਼ਿਆਂ ਸਬੰਧੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਪੂਰੀ ਤਰਾਂ ਨਾਲ ਸਾਂਤ ਸੂਬਾ ਹੈ ਅਤੇ ਇੱਥੇ ਕੋਈ ਵੀ ਮਾੜੀ ਘਟਨਾਂ ਨਹੀਂ ਵਾਪਰੀ ਜਿਸ ਤਰਾਂ ਦੀਆਂ ਘਟਨਾਵਾਂ ਹਰਿਆਣਾ ਵਿਚ ਵਾਪਰਦੀਆਂ ਰਹਿੰਦੀਆਂ ਹਨ। ਜਦ ਕਿ ਪੰਜਾਬ ਵਿਚ ਪਿੱਛਲੇ ਕਈ ਮਹੀਨਿਆਂ ਤੋਂ ਕਿਸਾਨ ਲਗਾਤਾਰ ਅੰਦੋਲਣ ਵੀ ਕਰ ਰਹੇ ਹਨ।
ਉਨਾਂ ਨੇ ਕਿਹਾ ਕਿ ਜਦੋਂ ਕਿਸਾਨ ਕੜਾਕੇ ਦੀ ਠੰਡ ਵਿਚ ਦੇਸ਼ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤਾਂ ਭਾਜਪਾ ਆਗੂਆਂ ਦੀ ਕਾਰਪੋਰੇਟਾਂ ਨਾਲ ਸਾਂਝ ਜਗਜਾਹਿਰ ਹੋ ਚੁੱਕੀ ਹੈ। ਉਨਾਂ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਕਾਰਪੋਰੇਟਾਂ ਅਤੇ ਟਾਵਰਾਂ ਦਾ ਜਿਆਦਾ ਫਿਕਰ ਹੈ ਜਦ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਵਾਜ ਉਨਾਂ ਦੇ ਕੰਨਾਂ ਤੱਕ ਪੁੱਜ ਨਹੀਂ ਰਹੀ ਹੈ।