ਪੰਜਾਬ

ਸਿੱਖਿਆ ਦੇ ਜੜੀਂ ਤੇਲ ਪਾਉਣ ਵਾਲੇ ਸਕੱਤਰ ਨੂੰ ਪੰਜਾਬ ਸਰਕਾਰ ਫੌਰੀ ਲਾਂਭੇ ਕਰੇ: ਡੀ.ਟੀ.ਐਫ.

ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ

ਸੰਗਰੂਰ, 20 ਜਨਵਰੀ ( ):

ਸਿੱਖਿਆ ਸਕੱਤਰ ਵੱਲੋੰ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਬੁਨਿਆਦੀ ਕਾਰਜ ਤੋੰ ਹਟਾ ਕੇ ਵੱਖ-ਵੱਖ ਤਰਾਂ ਦੇ ਨਿਰਾਧਾਰ ਅੰਕੜਿਆਂ ਇਕੱਠੇ ਕਰਨ ਵਾਲੇ ਕਰਿੰਦੇ ਬਣਾਉਣ, ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਰਚਨਾਤਮਾਕਤਾ ਨੂੰ ਬੁਰੀ ਤਰਾਂ ਰੋਲਣ, ਆਨਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦਾ ਬਦਲ ਬਣਾਉਣ ਸਮੇਤ ਅਧਿਆਪਕਾਂ ਨਾਲ਼ ਜੁੜੇ ਮਸਲਿਆਂ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਡੀਟੀਐਫ ਪੰਜਾਬ ਦੇ ਸੂਬਾਈ ਸੱਦੇ ‘ਤੇ ਸੰਗਰੂਰ ਬਲਾਕ ਦੇ ਅਧਿਆਪਕਾਂ ਨੇ “ਸਕੱਤਰ ਭਜਾਓ, ਸਿੱਖਿਆ ਬਚਾਓ” ਦੇ ਨਾਅਰਿਆਂ ਨਾਲ਼ ਬਸ ਸਟੈਂਡ ਦੇ ਬਾਹਰ ਸਕੱਤਰ ਦਾ ਜ਼ਿਲ੍ਹਾ ਕਮੇਟੀ ਮੈਂਬਰ ਦੀਨਾ ਨਾਥ, ਕਮਲ ਘੋੜੇਨਬ ਸੁਖਪਾਲ ਸਫੀਪੁਰ, ਗੁਰਦੀਪ ਚੀਮਾ ਦੀ ਅਗਵਾਈ ਵਿੱਚ ਪੁਤਲਾ ਫੂਕਿਆ ਗਿਆ।

ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਜੁੜੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘਰਾਜ, ਸੁਖਵਿੰਦਰ ਗਿਰ, ਕਰਮਜੀਤ ਨਦਾਮਪੁਰ ਨੇ ਕਿਹਾ ਕਿ ਸਿੱਖਿਆ ਸਕੱਤਰ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਅਾਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ ਵਿੱਚ 100 ਪ੍ਰਤੀਸ਼ਤ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ। ਹੁਣ ਜਦੋੰ 10 ਮਹੀਨਿਆਂ ਮਗਰੋਂ ਸਕੂਲ ਖੁੱਲੇ ਹਨ ਤਾਂ ਸਿੱਖਿਆ ਸਕੱਤਰ ਦੇ ਸ਼ਤ ਪ੍ਰਤੀਸ਼ਤ ਦੇ ਗੈਰਵਿਗਿਆਨਕ ਅਤੇ ਹਵਾਈ ਮਾਡਲ ਦੀ ਪ੍ਰਾਪਤੀ ਲਈ,ਅਸਲ ਸਿੱਖਿਆ ਤੋੰ ਮੁਕੰਮਲ ਵਿਰਵੇ ਰਹੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਹਫਤਾਵਰੀ ਟੈਸਟਾਂ ਵਿੱਚ ਉਲਝਾ ਕੇ ਸਿੱਖਿਆ ਦੇ ਮਨੋਰਥ ਨੂੰ ਖਤਮ ਕਰਨ ਦੀ ਰਹਿੰਦੀ ਕਸਰ ਪੂਰੀ ਕੀਤੀ ਜਾ ਰਹੀ ਹੈ। ਸਿੱਟੇ ਵੱਜੋੰ ਸਕੂਲਾਂ ਵਿੱਚ ਅਧਿਆਪਕ ਪੜਾਉਣ ਦੀ ਬਜਾਏ ਕੇਵਲ ਅੰਕੜਿਆਂ ਨੂੰ ਇਕੱਤਰ ਕਰਨ ਅਤੇ ਅਾਨਲਾਈਨ ਕਰਨ ਦੇ ਆਹਰ ਲਗਾ ਦਿੱਤੇ ਗਏ ਹਨ। ਅਧਿਆਪਕਾਂ ਨੂੰ ਸਿੱਖਿਆ ਅਤੇ ਵਿਦਿਆਰਥੀਆਂ ਤੋੰ ਤੋੜ ਦਿੱਤੇ ਜਾਣ ਕਾਰਨ ਉਹਨਾਂ ਵਿੱਚ ਸਕੱਤਰ ਦੀਆਂ ਨੀਤੀਆਂ ਖਿਲਾਫ ਵੱਡੀ ਰੋਸ ਦੀ ਭਾਵਨਾ ਹੈ।

ਡੀਟੀਐਫ ਦੇ ਆਗੂਆਂ ਨੇ ਕਿਹਾ ਕਿ ਸਕੱਤਰ ਵੱਲੋੰ ਥੋਕ ਵਿੱਚ ਪ੍ਰਸ਼ੰਸ਼ਾ ਪੱਤਰ ਵੰਡ ਕੇ ਅਧਿਆਪਕਾਂ ਦੇ ਹਕੀਕੀ ਮਸਲੇ ਸਾਰੀਆਂ ਵਿਕਟਮਾਈਜੇਸ਼ਨ ਨੂੰ ਰੱਦ ਨਾ ਕਰਨ , ਓ.ਡੀ.ਐਲ. ਅਧਿਆਪਕਾਂ ਦੀ ਰੈਗੂਲਰਆਈਜੇਸ਼ਨ ਰੋਲਣ, ਸਾਲ 2020 ਦੀਆਂ ਬਦਲੀਆਂ ਰੋਕਣ, 3582/6060 ਅਧਿਆਪਕਾਂ ਦੀਆਂ ਪਿਤਰੀ ਜ਼ਿਲਿਆਂ ਵਿੱਚ ਬਦਲੀਆਂ ਨਾ ਕਰਨ, ਸੇਵਾ ਨਿਯਮਾਂ ਤੋੰ ਉਲਟ ਅਧਿਆਪਕ ਵਿਰੋਧੀ ਫ਼ੈਸਲੇ ਕਰਨ, ਰੈਸ਼ਨਲਾਈਜੇਸ਼ਨ ਦੇ ਬਹਾਨੇ ਲੁਕਵੇਂ ਢੰਗ ਨਾਲ਼ ਅਸਾਮੀਆਂ ਦੀ ਛਾਂਟੀ ਕਰਨ, ਪੜ੍ਹੋ ਪੰਜਾਬ ਪ੍ਰਜੈਕਟ ਤਹਿਤ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕਰਕੇ ਵਿਭਾਗੀ ਦਰਜਾਬੰਦੀ ਦੇ ਸਮਾਂਤਰ ਗੈਰਸੰਵਿਧਾਨਕ ਤਾਣਾ ਬਾਣਾ ਖੜਾ ਕਰਨ ਵਰਗੇ ਚਿਰਾਂ ਤੋਂ ਲਟਕਾਏ ਹੱਕੀਕੀ ਮਸਲਿਆਂ ‘ਤੇ ਪਰਦੇ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਨਤਕ ਸਿੱਖਿਆ ਨੂੰ ਹਾਸ਼ੀਏ ‘ਤੇ ਧੱਕਣ ਵਾਲੇ ਸਕੱਤਰ ਖਿਲਾਫ ਅਧਿਆਪਕਾਂ ਵਿੱਚ ਵੱਡੇ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਵੱਲੋੰ ਉਸਦੀ ਪਿੱਠ ਥਾਪੜੀ ਜਾ ਰਹੀ ਹੈ, ਜਿਸਨੂੰ ਕਿਸਾਨਾਂ ਦੇ ਵਿਸ਼ਾਲ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਦਾ ਖੇਤੀ ਕਨੂੰਨਾਂ ਨੂੰ ਵਾਪਸ ਨਾ ਲੈਣ ਦੇ ਧਾਕੜ ਰਵੱਈਏ ਦੇ ਬਰਾਬਰ ਦੇਖਣਾ ਚਾਹੀਦਾ ਹੈ।

ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਹਾਕਮ ਸਿੰਘ, ਵਿਨੋਦ ਕੁਮਾਰ, ਗੁਰਦੀਪ ਚੀਮਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਹੋਏ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!