ਵਿੱਤ ਵਿਭਾਗ ਵੱਲੋਂ ਪਰਖ ਸਮੇਂ ਨੂੰ ਏ.ਸੀ.ਪੀ. ਲਈ ਸ਼ਾਮਿਲ ਕਰਨ ਦਾ ਫੈਸਲਾ ਸੰਘਰਸ਼ ਦੀ ਅੰਸ਼ਿਕ ਪ੍ਰਾਪਤੀ: ਡੀ.ਟੀ.ਐੱਫ.

4 ਦਸੰਬਰ, ਚੰਡੀਗੜ : ਵਿੱਤ ਵਿਭਾਗ ਵੱਲੋਂ ਅੱਜ ਪੱਤਰ ਜਾਰੀ ਕਰਕੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਦੇ ਪਰਖ ਸਮੇਂ ਨੂੰ ਏ.ਸੀ.ਪੀ. ਦਾ ਲਾਭ ਦੇਣ ‘ਚ ਸ਼ਾਮਿਲ ਕਰਨ ਦੇ ਕੀਤੇ ਫੈਸਲੇ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ (ਪੰਜਾਬ) ਨੇ ਸੰਘਰਸ਼ ਦੀ ਅੰਸ਼ਿਕ ਪ੍ਰਾਪਤੀ ਕਰਾਰ ਦਿੰਦਿਆਂ ਪ੍ਰੋਬੇਸ਼ਨ ਪੀਰੀਅਡ ਐਕਟ-2015 ਨੂੰ ਰੱਦ ਕਰਕੇ ਇਸ ਦੀ ਆੜ ਵਿੱਚ ਨਵੇਂ ਭਰਤੀ ਜਾਂ ਰੈਗੂਲਰ ਹੋਏ ਮੁਲਾਜ਼ਮਾਂ ਦੇ ਰੋਕੇ ਗਏ ਪਿਛਲੇ ਸਾਰੇ ਵਿੱਤੀ ਲਾਭ ਰਿਲੀਜ ਕਰਨ ਦੀ ਮੰਗ ਕੀਤੀ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾਈ ਆਗੂਆਂ ਜਸਵਿੰਦਰ ਸਿੰਘ ਔਜਲਾ, ਹਰਦੀਪ ਸਿੰਘ ਟੋਡਰਪੁਰ ਅਤੇ ਦਲਜੀਤ ਸਿੰਘ ਸਫੀਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਲੈ ਕੇ ਅਫਸਰਸ਼ਾਹੀ ਦੇ ਸਿੱਖਿਆ ਤੇ ਅਧਿਆਪਕ ਮਾਰੂ ਫੈਸਲਿਆਂ ਖਿਲਾਫ ਹਜਾਰਾਂ ਅਧਿਆਪਕਾਂ ਵੱਲੋਂ 18 ਨਵੰਬਰ ਨੂੰ ਸਿੱਖਿਆ ਸਕੱਤਰ ਦੇ ਮੋਹਾਲੀ ਸਥਿਤ ਦਫਤਰ ਅੱਗੇ ਕੀਤੇ ਲਾਮਿਸਾਲ ਵਿਸ਼ਾਲ ਰੋਸ ਧਰਨੇ ਅਤੇ ਘਿਰਾਓ ਦੌਰਾਨ ਹੋਰਨਾਂ ਮਸਲਿਆਂ ਦੇ ਨਾਲ ਨਾਲ 15 ਜਨਵਰੀ 2015 ਨੂੰ ਜਾਰੀ ਪ੍ਰੋਬੇਸ਼ਨ ਪੀਰੀਅਡ ਐਕਟ ਰਾਹੀਂ ਪਰਖ ਸਮੇਂ ਦੌਰਾਨ ਕੇਵਲ ਮੁੱਢਲੀ ਤਨਖਾਹ ਦੇਣ, ਏ.ਸੀ.ਪੀ. ਦੇ ਲਾਭ ਤੋਂ ਵਾਂਝੇ ਰੱਖਕੇ ਮੁਲਾਜ਼ਮਾਂ ਦੇ ਹੱਕਾਂ ‘ਤੇ ਵੱਡਾ ਡਾਕਾ ਮਾਰਨ ਦਾ ਮੁੱਦਾ ਵੀ ਮੁੱਖ ਰੂਪ ਵਿੱਚ ਉਭਾਰਿਆ ਗਿਆ ਸੀ। ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਰਾਜ ਕਰ ਰਹੀ ਕਾਂਗਰਸ ਸਰਕਾਰ ਵੱਲੋਂ ਇਸ ਮੁਲਾਜ਼ਮ ਮਾਰੂ ਐਕਟ ਨੂੰ ਰੱਦ ਕਰਕੇ, ਪਿਛਲੇ ਸਮੇਂ ਦੋਰਾਨ ਹੋਈ ਬੇਇਨਸਾਫੀ ਦੂਰ ਕਰਨ ਦੀ ਥਾਂ, ਪਰਖ ਸਮੇਂ ਨੂੰ ਮੁਲਾਜ਼ਮਾਂ ਦੇ ਆਰਥਿਕ ਸ਼ੋਸ਼ਣ ਲਈ ਹਥਿਆਰ ਵਜੋਂ ਵਰਤਿਆ ਗਿਆ ਹੈ। ਪਿਛਲੀ ਸਰਕਾਰ ਦੀ ਤਰਜ ‘ਤੇ ਮੌਜੂਦਾ ਸਰਕਾਰ ਵੱਲੋਂ ਵੀ ਨਵੇਂ ਭਰਤੀ/ਰੈਗੂਲਰ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਪਰਖ ਸਮੇਂ ਦੌਰਾਨ ਰੈਗੂਲਰ ਹੋਣ ਦੇ ਬਾਵਜੂਦ ਪੂਰੀ ਤਨਖਾਹ, ਬਣਦੇ ਭੱਤੇ ਅਤੇ ਹੋਰ ਲਾਭ ਦੇਣ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ।
ਜਥੇਬੰਦੀ ਨੇ ਅਧਿਆਪਕਾਂ ਨੂੰ ਸਰਕਾਰ ਦੇ ਅਜਿਹੇ ਸਾਰੇ ਲੋਕ ਵਿਰੋਧੀ ਫੈਸਲਿਆਂ ਦਾ ਡੱਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਪ੍ਰੋਬੇਸ਼ਨ ਪੀਰੀਅਡ ਐਕਟ-2015 ਨੂੰ ਰੱਦ ਕਰਕੇ ਨਵੀਂ ਭਰਤੀਆਂ ਬਿਨਾਂ ਕਿਸੇ ਪਰਖ ਸਮੇਂ ਤੋਂ ਪੂਰੇ ਤਨਖਾਹ ਸਕੇਲਾਂ ਅਤੇ ਭੱਤਿਆਂ ਸਹਿਤ ਰੈਗੂਲਰ ਅਧਾਰ ‘ਤੇ ਕਰਨ ਅਤੇ ਆਪਣੇ ਜ਼ਿਲ੍ਹਿਆਂ (ਘਰਾਂ) ਤੋਂ 200-250 ਕਿਲੋਮੀਟਰ ਦੂਰ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਉਨ੍ਹਾਂ ਦੇ ਨੇੜੇ ਦੇ ਸਕੂਲਾਂ ਵਿੱਚ ਬਦਲੀ ਕਰਨ ਦੀ ਮੰਗ ਵੀ ਰੱਖੀ।

ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਓਮ ਪ੍ਰਕਾਸ਼ ਮਾਨਸਾ, ਰਾਜੀਵ ਕੁਮਾਰ ਬਰਨਾਲਾ, ਜਗਪਾਲ ਬੰਗੀ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਤੇਜਿੰਦਰ ਕਪੂਰਥਲਾ, ਸੁਖਦੇਵ ਡਾਨਸੀਵਾਲ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਆਦਿ ਵੀ ਮੌਜੂਦ ਰਹੇ।