ਪੰਜਾਬ

7 ਜਨਵਰੀ ਤੋਂ ਬਾਅਦ ਅਨਰਜਿਸਟਰਡ ਸੰਸਥਾਂ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ

ਬੱਚਿਆਂ ਦੀ ਭਲਾਈ ਨਾਲ ਸਬੰਧਤ ਅਨਰਜਿਸਟਰਡ ਸੰਸਥਾਵਾਂ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ-ਡਿਪਟੀ ਕਮਿਸ਼ਨਰ

ਬਠਿੰਡਾ, 4 ਜਨਵਰੀ : ਜ਼ਿਲੇ ਵਿੱਚ ਬੱਚਿਆਂ ਦੀ ਭਲਾਈ ਸਬੰਧੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਚਲਾਈਆ ਜਾ ਰਹੀਆਂ ਹਨ, ਜੋ ਸੰਸਥਾਵਾਂ ਮੁਕੰਮਲ ਤੌਰ ‘ਤੇ ਜਾ ਅੰਸ਼ਕ ਰੂਪ ਵਿੱਚ ਸੁਰੱਖਿਆ ਤੇ ਸੰਭਾਲ ਲਈ ਲੋੜਵੰਦ 0 ਤੋਂ 18 ਸਾਲ ਤੱਕ ਦੇ) ਬੱਚਿਆਂ ਨੂੰ ਮੁਫਤ ਰਿਹਾਇਸ਼, ਖਾਣਾ, ਪੜਾਈ ਤੇ ਮੈਡੀਕਲ ਸੁਵਿਧਾਵਾਂ ਆਦਿ ਮੁਹੱਇਆ ਕਰਵਾ ਰਹੀਆਂ ਹਨ। ਇਨਾਂ ਸੰਸਥਾਵਾਂ ਜਾਂ ਬਾਲ ਘਰ ਦਾ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੀ ਧਾਰਾ 41 (1) ਤਹਿਤ ਰਜਿਸਟਰਡ ਹੋਣਾ ਲਾਜ਼ਮੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਸਾਂਝੀ ਕੀਤੀ।

          ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜੋ ਕਿ ਬੱਚਿਆ ਨਾਲ ਸਬੰਧਤ ਕਾਰਜ ਕਰ ਰਹੀਆਂ ਹਨ ਪਰ ਅਜੇ ਤੱਕ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਤਹਿਤ ਰਜਿਸਟਰਡ ਨਹੀਂ ਹਨ ਤਾਂ ਤੁਰੰਤ ਉਹ ਆਪਣੀ ਸੰਸਥਾਂ ਨੂੰ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੀ ਧਾਰਾ 41 (1) ਅਧੀਨ 7 ਜਨਵਰੀ 2021 ਤੋਂ ਪਹਿਲਾ-ਪਹਿਲਾ ਰਜਿਸਟਰਡ ਕਰਵਾਉਣੀ ਲਾਜ਼ਮੀ ਬਣਾਉਣ।

          ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਉਕਤ ਐਕਟ ਤਹਿਤ ਜੋ ਸੰਸਥਾ ਅਜੇ ਤੱਕ ਰਜਿਸਟਰਡ ਨਹੀਂ ਹਨ, ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਦੂਸਰੀ ਮੰਜ਼ਿਲ ‘ਤੇ ਦਫ਼ਤਰ ਜ਼ਿਲਾ ਬਾਲ ਸੁਰੱਖਿਆ ਕਮਰਾ ਨੰਬਰ 313-ਐਮ, ਫੋਨ ਨੰਬਰ 0164-2214480 ਨਾਲ ਸਪੰਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਜੇਕਰ 7 ਜਨਵਰੀ 2021 ਤੋਂ ਬਾਅਦ ਜ਼ਿਲੇ ਵਿੱਚ ਕੋਈ ਅਜਿਹੀ ਗੈਰ ਸਰਕਾਰੀ ਸੰਸਥਾਂ ਪਾਈ ਜਾਂਦੀ ਹੈ ਤਾਂ ਉਸ ਸੰਸਥਾਂ ਦੇ ਖਿਲਾਫ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੀ ਧਾਰਾ 42 ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਮਾਨਸਾ ਵਿਧਾਇਕ ਮਾਨਸ਼ਾਹੀਆ ਵੱਲੋਂ ਸਮਾਉਂ ਵਿਖੇ ਯੋਗ 
ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ
* ਸਕੀਮ ਤਹਿਤ ਸੂਬੇ ਅੰਦਰ ਕਿਸੇ ਵੀ ਰਾਸ਼ਨ ਡਿਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਣਗੇ ਲਾਭਪਾਤਰੀ

ਮਾਨਸਾ, 4 ਜਨਵਰੀ: 
ਪੰਜਾਬ ਸਰਕਾਰ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ਨ ਦੀ ਸਹੂਲਤ ਨੂੰ ਹੋਰ ਸੁਖਾਲਾ ਕਰਨ ਲਈ ਆਰੰਭੀ ਗਈ ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਤਹਿਤ ਅੱਜ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪਿੰਡ ਸਮਾਉਂ ਵਿਖੇ 300 ਤੋਂ ਵੱਧ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਹੁਣ ਲਾਭਪਾਤਰੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਰਾਸ਼ਨ ਡਿਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਪੰਜਾਬ ਸਰਕਾਰ ਵੱਲੋਂ ਯੋਜਨਾਵਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਅਸਰਦਾਰ ਅਤੇ ਸੁਖਾਲੀ ਬਣਾਉਣ ਦਾ ਇੱਕ ਉੱਦਮ ਹੈ ਅਤੇ ਇਹ ਸਮਾਰਟ ਕਾਰਡ ਲਾਭਪਾਤਰੀ ਨੂੂੰ ਰਾਸ਼ਨ ਪ੍ਰਾਪਤ ਕਰਨ ਲਈ ਕਿਸੇ ਵੀ ਰਾਸ਼ਨ ਡਿਪੂ ਦੀ ਚੋਣ ਕਰਨ ਦੇ ਸਮਰੱਥ ਬਣਾਏਗਾ ਅਤੇ ਚੋਣ ਕਰਨ ਦੀ ਲੋੜੀਂਦੀ ਆਜ਼ਾਦੀ ਪ੍ਰਦਾਨ ਕਰੇਗਾ। ਵਿਧਾਇਕ ਸ. ਮਾਨਸ਼ਾਹੀਆ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 1 ਲੱਖ 3 ਹਜ਼ਾਰ 593 ਪਰਿਵਾਰ ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਦਾਇਰੇ ਅਧੀਨ ਆਉਂਦੇ ਹਨ ਜਿਨ੍ਹਾਂ ਨੂੰ ਰਾਸ਼ਨ ਕਾਰਡ ਵੰਡਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਕਾਰਡ ਯੋਜਨਾ ਨੂੰ ਵਧੇਰੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਵਿੱਚ ਅਸਰਦਾਰ ਸਾਬਤ ਹੋਣਗੇ। ਇਸ ਮੌਕੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਰਜਿੰਦਰ ਸਿੰਘ ਢਿੱਲੋਂ, ਇੰਸ: ਰਾਜਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ:
ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਪਿੰਡ ਸਮਾਉਂ ਵਿਖੇ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਮਾਰਟ ਕਾਰਡਾਂ ਦੀ ਵੰਡ ਕਰਦੇ ਹੋਏ। 

5 ਜਨਵਰੀ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਲੱਗੇਗਾ ਪਲੇਸਮੈਂਟ ਕੈਂਪ

ਮਾਨਸਾ, 04 ਜਨਵਰੀ : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਐਸ.ਆਈ.ਐਸ. ਸਿਕਓਰਿਟੀ ਐਂਡ ਇੰਟੈਲੀਜੈਂਸ ਸਰਵਿਸ ਲਿਮਟਿਡ ਵੱਲੋਂ 5 ਜਨਵਰੀ 2021 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਇਸ ਕੈਂਪ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਕੇਵਲ ਮੁੰਡੇ ਹੀ ਇਸ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਉਮਰ ਸੀਮਾ 20 ਤੋਂ 37 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦਾ ਭਾਗ 52 ਕਿਲੋ ਅਤੇ ਛਾਤੀ 80 ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਬਾਇਓਡਾਟਾ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਪਹੁੰਚ ਕਰਨ। ਇਸ ਕੈਂਪ ਵਿੱਚ ਅਸਾਮੀਆਂ ਦੀ ਗਿਣਤੀ 200 ਰੱਖੀ ਗਈ ਹੈ। ਚੁਣੇ ਗਏ ਪ੍ਰਾਰਥੀਆਂ ਨੂੰ 12000/- ਤੋਂ 15000/- ਤੱਕ ਤਨਖ਼ਾਹ ਦਿੱਤੀ ਜਾਵੇਗੀ। ਇੰਟਰਵਿਊ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94641-78030 ’ਤੇ ਸੰਪਰਕ ਕਰੋ।  ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਕੰਪਨੀ ਵੱਲੋਂ ਪ੍ਰਾਸਪੈਕਟ ਲੈਣਾ ਜ਼ਰੂਰੀ ਹੈ, ਜਿਸ ਦੀ ਕੀਮਤ 350/- ਰੁਪਏ ਪ੍ਰਤੀ ਪ੍ਰਾਸਪੈਕਟ ਹੋਵੇਗੀ। ਉਨ੍ਹਾਂ ਦੱਸਿਆ ਕਿ ਕੰਮ ਕਰਨ ਦਾ ਸਥਾਨ ਪੰਜਾਬ ਵਿੱਚ ਕਿਸੇ ਵੀ ਜਗ੍ਹਾ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ। 

ਸਵੱਛਤਾ ਮੁਹਿੰਮ ਨੂੰ ਸਾਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ : 
ਡਿਪਟੀ ਕਮਿਸ਼ਨਰ
*ਡਿਪਟੀ ਕਮਿਸ਼ਨਰ ਵੱਲੋ ਦਿੱਤੇ ਗਏ ਸਵੱਛਤਾ ਇੰਟਰਨਸ਼ਿਪ ਅਵਾਰਡ
*ਪਹਿਲੇ ਨੰਬਰ ’ਤੇ ਆਈ ਨੇਕੀ ਫਾਊਡੇਸ਼ਨ ਬੁਢਲਾਡਾ ਦੀ ਟੀਮ ਨੇ ਜਿੱਤਿਆ ਤੀਹ ਹਜਾਰ ਦਾ ਇਨਾਮ
*ਬੋੜਾਵਾਲ ਦੂਜੇ ਅਤੇ ਬੁਰਜ ਢਿਲਵਾਂ ਰਹੇ ਤੀਸਰੇ ਸਥਾਨ ’ਤੇ
ਮਾਨਸਾ, 04 ਜਨਵਰੀ : ਸਵੱਛਤਾ ਇਕ ਦਿਨ ਦਾ ਕੰਮ ਜਾਂ ਪ੍ਰੋਗਰਾਮ ਨਹੀ ਬਲਕਿ ਇੱਕ ਸਕੰਲਪ ਹੈ ਅਤੇ ਇਸ ਨੂੰ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਾਲ 2019-2020 ਦੇ ਸਵੱਛਤਾ ਸਬੰਧੀ ਕਰਵਾਏ ਮੁਕਾਬਿਲਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ। ਉਹਨਾਂ ਜੇਤੂ ਕਲੱਬਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਕਲੱਬ ਸਵੱਛਤਾ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਨਿਰੰਤਰ ਜਾਰੀ ਰੱਖਣਗੇ।
    ਡਿਪਟੀ ਕਮਿਸ਼ਨਰ ਨੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਨਿਰੰਤਰ ਜਾਰੀ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ (ਟੀਕਾਕਰਨ) ਸਮੇਂ ਵੀ ਕਲੱਬਾਂ ਦੀ ਮਦਦ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚਲ ਰਹੀ ਘਰ-ਘਰ ਰੋਜਗਾਰ ਮੁਹਿੰਮ ਵਿੱਚ ਵੀ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਰੌਜ਼ਗਾਰ ਦਿੱਤਾ ਜਾ ਰਿਹਾ ਹੈ।
    ਸਵੱਛਤਾ ਇੰਟਰਨਸ਼ਿਪ ਅਵਾਰਡ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਸਾਲ 2019-2020 ਵਿੱਚ ਜ਼ਿਲ੍ਹੇ ਦੀਆਂ ਯੂਥ ਕਲੱਬਾਂ ਵੱਲੋ ਸਵੱਛਤਾ ਇਟੰਰਨਸ਼ਿਪ ਮੁਹਿੰਮ ਭਾਰਤ ਸਰਕਾਰ ਦੇ ਜਲ ਸ਼ਕਤੀ ਵਿਭਾਗ ਵੱਲੋ ਚਲਾਈ ਗਈ ਸੀ ਜਿਸ ਵਿੱਚ ਪਹਿਲੇ ਨੰਬਰ ’ਤੇ ਨੇਕੀ ਫਾਊਡੇਸ਼ਨ ਬੁਡਲਾਡਾ ਦੀ ਟੀਮ ਵੱਲੋ ਪਿੰਡ ਰੰਘਿੜਆਲ ਵਿੱਚ ਸਕੂਲ਼ ਦੀ ਸਾਫ-ਸਫਾਈ ਪਿੰਡ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਸੀ, ਜਿਸ ਨੂੰ ਪਹਿਲੇ ਨੰਬਰ ’ਤੇ ਆਉਣ ਕਾਰਨ ਤੀਹ ਹਜਾਰ (30000/-) ਦੀ ਰਾਸ਼ੀ ਅਤੇ ਪ੍ਰਸੰਸ਼ਾ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਦੀ ਟੀਮ ਵੱਲ ਪਿੰਡ ਵਿੱਚ ਪਾਰਕ ਦੀ ਸਥਾਪਨਾ ਪਿੰਡ ਵਿੱਚ ਵਾਤਾਵਰਣ ਨੂੰ ਹਰਿਆ- ਭਰਿਆ ਰੱਖਣ ਹਿੱਤ ਪਿੰਡ ਦੀ ਸਾਰੀ ਫਿਰਨੀ ’ਤੇ ਪੌਦੇ ਲਗਾਉਣ ਤੋ ਇਲਾਵਾ ਪਿੰਂਡ ਦੇ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰ ਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਜਿਸ ਨੇ ਦੂਸ਼ਰਾ ਸਥਾਨ ਪ੍ਰਾਪਤ ਕੀਤਾ ਅਤੇ ਵੀਹ ਹਜਾਰ ਦੀ ਰਾਸ਼ੀ ਅਤੇ ਪ੍ਰਸੰਸ਼ਾ ਪੱਤਰ ਨਾਲ ਡਿਪਟੀ ਕਮਿਸ਼ਨਰ ਵੱਲੋ ਸਨਮਾਨਤਿ ਕੀਤਾ ਗਿਆ।
    ਉਨ੍ਹਾਂ ਦੱਸਿਆ ਕਿ ਦਿ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਵੱਲੋ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ-ਨਾਲ ਪਿੰਡ ਦੀ ਸਾਫ-ਸਫਾਈ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਹਿੱਤ ਪੌਦੇ ਲਗਾਏ ਗਏ, ਜਿਸ ਨੂੰ ਦਸ ਹਜਾਰ ਦਾ ਨਗਦ ਇਨਾਮ ਦੇ ਨਾਲ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤਿ ਕੀਤਾ ਗਿਆ।
    ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਜੇਤੂ ਕਲੱਬਾਂ ਨੂੰ ਵਧਾਈ ਦਿੱਤੀ ਅਤੇ ਕਲੱਬਾਂ ਵੱਲੋ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਮਾਜ ਸੇਵਾ ਅਤੇ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਜਾਰੀ ਰੱਖਣਗੀਆਂ। 
    ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਚੈਨ ਸਿੰਘ ਰੰਘੜਿਆਲ, ਬਲਜੀਤ ਸਿੰਘ, ਅਮਨਦੀਪ ਸਿੰਘ ਬੌੜਾਵਾਲ, ਨਿਤਿਨ ਬਾਂਸਲ, ਸਮਾਈਲ ਮਿੱਤਲ, ਜਸਪਾਲ ਸਿੰਘ ਨੇਕੀ ਫਾਊਡੇਸ਼ਨ ਬੁਢਲਾਡਾ ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੁਰਜ ਢਿਲਵਾਂ ਅਤੇ ਮਨੋਜ ਕੁਮਾਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!