ਸ਼ਹਿਰੀ ਸਥਾਨਕ ਇਕਾਈਆਂ ਚੋਣਾਂ ਦੀਆਂ ਤਰੀਕਾਂ ਤੈਅ ਹੋ ਰਹੀਆਂ ਹਨ ਜੋ ਜਲਦੀ ਹੀ ਐਲਾਨੀਆਂ ਜਾਣਗੀਆਂ : ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਭਾਜਪਾ ਵੱਲੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਦਾ ਬੇਬੁਨਿਆਦ ਆਧਾਰ ਬਣਾ ਕੇ ਸ਼ਹਿਰੀ ਚੋਣਾਂ ਨੂੰ ਅੱਗੇ ਪਾਉਣ ਲਈ ਰਾਜਪਾਲ ਨੂੰ ਕੀਤੀ ਬੇਨਤੀ ਦਰਸਾਉਂਦੀ ਹੈ ਕਿ ਪਾਰਟੀ ਲੀਡਰਸ਼ਿਪ ਚੋਣਾਂ ਦੇ ਸਿਰ ‘ਤੇ ਆਉਣ ਕਾਰਨ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹੈ ਕਿਉਂ ਜੋ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਖਿਲਾਫ ਲੋਕਾਂ ਵਿੱਚ ਜਬਰਦਸਤ ਰੋਹ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਦਿਆਂ ਅਸ਼ਵਨੀ ਸ਼ਰਮਾ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਥੀ ਹੁਣ ਚੋਣਾਂ ਤੋਂ ਭੱਜਣ ਲਈ ਬੁਰੀ ਤਰ੍ਹਾਂ ਹਥਕੰਡੇ ਵਰਤ ਰਹੇ ਹਨ। ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਅਤੇ ਤਰੀਕਾਂ ਤੈਅ ਹੋ ਰਹੀਆਂ ਹਨ ਜੋ ਜਲਦੀ ਹੀ ਐਲਾਨੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਰਕਾਰ ਸੰਵਿਧਾਨਕ ਤੌਰ ‘ਤੇ 15 ਫਰਵਰੀ 2021 ਤੋਂ ਪਹਿਲਾਂ ਕਰਵਾਉਣ ਲਈ ਵਚਨਬੱਧ ਸੀ।