ਪੰਜਾਬ

*ਨੌਜਵਾਨਾਂ ਵਿਚ ਕੱਟੜਤਾ ਫੈਲਣ ਤੋਂ ਰੋਕਣ ਲਈ ਦਰੁੱਸਤੀ ਭਰੇ ਕਦਮ ਚੁੱਕਣ ਦੀ ਲੋੜ : ਹਰਸਿਮਰਤ ਬਾਦਲ*

*ਕਿਹਾ ਕਿ ਕੇਂਦਰ ਵੱਲੋਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦੇਣ ਦੀ ਤਜਵੀਜ਼ ਤੋਂ ਪੰਜਾਬੀਆਂ ਵਿਚ ਰੋਸ*

ਕਿਹਾ ਕਿ ਐਸ ਵਾਈ ਐਲ ਅਤੇ ਰਿਹਾਈ ਵਰਗੀ ਗੀਤਾਂ ਜਿਹਨਾਂ ਰਾਹੀਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ,  ’ਤੇ ਪਾਬੰਦੀ ਲਾਉਣ ਨਾਲ ਵੀ ਪੰਜਾਬੀ ਅਲੱਗ ਥਲੱਗ ਮਹਿਸੂਸ ਕਰ ਰਹੇ ਹਨ

ਚੰਡੀਗੜ੍ਹ, 17 ਜੁਲਾਈ : ਬਠਿੰਡਾ ਦੇ ਐਮ ਪੀ  ਹਰਸਿਮਰਤ ਕੌਰ ਬਾਦਲ ਨੇ ਅੱਜ ਨੌਜਵਾਨਾਂ ਵਿਚ ਕੱਟੜਤਾ ਫੈਲਣ ਤੋਂ ਰੋਕਣ ਲਈ ਦਰੁੱਸਤੀ ਭਰੇ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਪਹਿਲੀ ਵਾਰ ਫਿਰਕੂ ਝੜਪਾਂ ਹੋਈਆਂ ਹਨ ਜਿਸ ਕਾਰਨ ਹਾਲ ਵਿਗੜੇ ਹਨ ਤੇ ਦਹਿਸ਼ਤੀ ਸਰਗਰਮੀਆਂ ਤੇ ਹਾਈ ਪ੍ਰੋਫਾਈਲ ਹੱਤਿਆਵਾਂ ਨਾਲ ਵੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਬਣ ਗਈ ਹੈ।

ਅੱਜ ਸੰਸਦ ਵਿਚ ਸਰਬ ਪਾਰਟੀ ਮੀਟਿੰਗ ਵਿਚ ਬੋਲਦਿਆਂ  ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਡੂੰਘੀ ਚਿੰਤਾ ਦੀ ਗੱਲ ਹੈ ਕਿ ਸੂਬੇ ਵਿਚ ਅਤਿਵਾਦ ਵੇਲੇ ਜਾਂ 1984 ਵਿਚ ਦਿੱਲੀ ਵਿਚ ਸਿੱਖ ਨਸਲਕੁਸ਼ੀ ਵੇਲੇ ਵੀ ਪੰਜਾਬ ਵਿਚ ਫਿਰਕੂ ਝੜਪਾਂ ਨਹੀਂ ਹੋਈਆਂ ਸਨ ਜੋ ਹੁਣ ਵਾਪਰ ਰਹੀਆਂ ਹਨ, ਮੁਹਾਲੀ ਵਿਚ ਸੂਬੇ ਦੇ ਖੁਫੀਆ ਹੈਡਕੁਆਰਟਰ ਨੁੰ ਰਾਕਟ ਲਾਂਚਰ ਨਾਲ ਅਤਿਵਾਦੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਤੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਏ ਕੇ 74 ਨਾਲ ਕਤਲ ਕਰ ਦਿੱਤਾ।

 ਬਾਦਲ ਨੇ ਕਿਹਾ ਕਿ ਇਸਦੇ ਨਾਲ ਹੀ ਪੰਜਾਬੀ ਅਲੱਗ ਥਲੱਗ ਇਸ ਕਰ ਕੇ ਵੀ ਮਹਿਸੂਸ ਕਰ ਰਹੇ ਹਨ ਕਿ ਕੇਂਰਦ ਸਰਕਾਰ ਨੇ ਹਰਿਆਣਾ ਨੂੰ ਭਰੋਸਾ ਦਿੱਤਾ ਹੈ ਕਿ ਉਸਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ ਥਾਂ ਅਲਾਟ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬੀ ਇਹ ਮੰਨਦੇ ਹਨ ਕਿ ਚੰਡੀਗੜ੍ਰ ਉਹਨਾਂ ਦੀ ਰਾਜਧਾਨੀ ਹੈ ਤੇ ਵਾਰ ਵਾਰ ਉਹਨਾਂ ਨੂੰ ਭਰੋਸਾ ਦੁਆਇਆ ਗਿਆ ਕਿ ਰਾਜਧਾਨੀ ਉਹਨਾਂ ਨੂੰ ਦੇ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹਰਿਆਣਾ ਨੂੰ ਵੱਖਰੀ ਥਾਂ ਦੇਣ ਵਰਗੇ ਕਦਮਾਂ ਨਾਲ ਅਸੰਤੋਸ਼ ਫੈਲਿਆ ਹੈ। ਉਹਨਾਂ  ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਦੀ ਰਾਖੀ ਕਰਨ ਦੀ ਥਾਂ ਦਾਅਵਾ ਹੀ ਸਰੰਡਰ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਐਸ ਵਾਈ ਐਲ ਅਤੇ ਕੰਵਰ ਗਰੇਵਾਲ ਦੇ ਗੀਤ ਰਿਹਾਈ ’ਤੇ ਪਾਬੰਦੀ ਵਰਗੇ ਕਦਮਾਂ ਨੇ ਅਲੱਗ ਥਲੱਗ ਹੋਣ ਦੀਆਂ ਭਾਵਨਾਵਾਂ ਵਧਾਈਆਂ ਹਨ। ਦੋਵੇਂ ਗੀਤਾਂ ਵਿਚ ਸੂਬੇ ਦੇ ਦਰਿਆਈ ਪਾਣੀਆਂ ਦੀ ਰਾਖੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ ਅਤੇ ਇਹ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸਨ। ਅਜਿਹੇ ਗੀਤਾਂ ’ਤੇ ਪਾਬੰਦੀ ਲੈਣ ਦੇ ਉਲਟ ਨਤੀਜੇ ਵੀ ਨਿਕਲ ਸਕਦੇ ਹਨ ਤੇ ਇਹ ਪਾਬੰਦੀ ਤੁਰੰਤ ਖਤਮ ਹੋਣੀ ਚਾਹੀਦੀ ਹੈ।

ਬਠਿੰਡਾ ਦੇ ਐਮ ਪੀ ਨੇ ਹੋਰ ਕਦਮਾਂ ਦੀ ਗੱਲ ਵੀ ਕੀਤੀ ਜਿਸ  ਕਾਰਨ ਪੰਜਾਬੀ ਅਲੱਗ ਥਲੱਗ ਮਹਿਸੂਸ ਕਰ ਰਹੇ ਹਨ ਤੇ ਇਹਨਾਂ ਵਿਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੀ ਤਜਵੀਜ਼, ਚੰਡੀਗੜ੍ਹ ਵਿਚ ਵੱਖਰਾ ਯੂ ਟੀ ਕੇਡਰ ਬਣਾਉਣਾ, ਕੇਂਦਰੀ ਤਨਖਾਹ ਦਰਾਂ ਲਾਗੂ ਕਰਨੀਆਂ ਤੇ ਪੰਜਾਬੀ ਭਾਸ਼ਾ ਦੇ ਰੁਤਬੇ ਨੁੰ ਖੋਰਾ ਲਗਾਉਣਾ ਸ਼ਾਮਲ ਹਨ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਗੈਰ ਜ਼ਿੰਮੇਵਾਰ ਬਿਆਨਬਾਜ਼ੀ ਨਾਲ ਵੀ ਮਾਹੌਲ ਖਰਾਬ ਹੋਇਆ ਹੈ। ਉਹਨਾਂ ਨੇ ਸੰਗਰੂਰ ਦੇ ਨਵੇਂ ਚੁਣੇ ਐਮ ਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਦੱਸਣ ਦੇ ਦਾਅਵੇ ਅਤੇ ਬਠਿੰਡਾ ਵਿਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਪਮਾਨ ਕਰਨ ਵਰਗੀਆਂ ਘਟਨਾਵਾਂ ਦਾ ਜ਼ਿਕਰ ਕੀਤਾ।

ਕਿਸਾਨ ਅੰਦੋਲਨ ਅਤੇ ਕਿਸਾਨਾਂ ਨਾਲ ਸਾਰੀਆਂ ਜਿਣਸਾਂ ਲਈ ਐਮ ਐਸ ਪੀ ਸ਼ੁਰੂ ਕਰਨ ਦੇ ਵਾਅਦੇ ਬਾਰੇ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਕਾਨੂੰਨ ਹਾਲੇ ਤੱਕ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਅਕਾਲੀ ਦਲ ਸੰਸਦ ਵਿਚ ਇਹ ਮੁੱਦੇ ਚੁੱਕਣਾ ਚਾਹੁੰਦਾ ਹਾਂ ਪਰ ਛੋਟੀ ਪਾਰਟੀ ਹੋਣ ਕਾਰਨ, ਕਿਹਾ ਨਹੀਂ ਜਾ ਸਕਦਾ ਕਿ ਇਸਨੂੰ ਲੋੜੀਂਦਾ ਸਮਾਂ ਦਿੱਤਾ ਜਾਵੇਗਾ ਜਾਂ ਨਹੀਂ ਤੇ ਉਹਨਾਂ ਨੇ ਪਾਰਲੀਮੈਂਟ ਵਿਚ ਕੁੱਲ ਮੈਂਬਰਾਂ ਦਾ 30 ਫੀਸਦੀ ਬਣਦੀਆਂ ਛੋਟੀਆਂ ਪਾਰਟੀਆਂ ਨੂੰ ਢੁਕਵਾਂ ਸਮਾਂ ਦੇਣ ਦੀ ਮੰਗ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!