ਪੰਜਾਬ

ਹੁਣ, ਵੈੱਬ-ਪੋਰਟਲ “cybercrime.punjabpolice.gov.in” ਰਾਹੀਂ ਸਾਈਬਰ ਅਪਰਾਧ ਅਤੇ ਧੋਖਾਧੜੀ ਦੀ ਰਿਪੋਰਟ ਕਰੋ: ਡੀ.ਜੀ.ਪੀ. ਪੰਜਾਬ ਵੀ.ਕੇ. ਭਾਵਰਾ

ਚੰਡੀਗੜ੍ਹ, 25 ਅਪ੍ਰੈਲ:
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਨਾਗਰਿਕਾਂ ਦੀ ਸਹੂਲਤ ਲਈ ਇੱਕ ਇੰਟਰਫੇਸ ਮਲਟੀਫੰਕਸ਼ਨਲ ਵੈੱਬ-ਪੋਰਟਲ “cybercrime.punjabpolice.gov.in” ਲਾਂਚ ਕੀਤਾ ਤਾਂ ਜੋ ਹਰ ਕਿਸਮ ਦੀ ਸਾਈਬਰ ਧੋਖਾਧੜੀ ਅਤੇ ਅਪਰਾਧਾਂ ਦੀ ਤੁਰੰਤ ਰਿਪੋਰਟ ਕੀਤੀ ਜਾ ਸਕੇ।
ਡੀ.ਜੀ.ਪੀ. ਵੱਲੋਂ ਡੀ.ਆਈ.ਜੀ. ਸਟੇਟ ਸਾਈਬਰ ਕਰਾਈਮ ਨੀਲਾਂਬਰੀ ਜਗਦਲੇ ਅਤੇ ਡੀ.ਐਸ.ਪੀ. ਸਾਈਬਰ ਕ੍ਰਾਈਮ ਸਮਰਪਾਲ ਸਿੰਘ ਦੀ ਮੌਜੂਦਗੀ ਵਿੱਚ ਵੈੱਬ-ਪੋਰਟਲ ਲਾਂਚ ਕਰਨ ਉਪਰੰਤ ਸਾਈਬਰ ਕ੍ਰਾਈਮ ਡਵੀਜ਼ਨ ਦੀ ਸਮੁੱਚੀ ਟੀਮ ਨੂੰ ਇਹ ਪੋਰਟਲ ਵਿਕਸਤ ਕਰਨ ਲਈ ਵਧਾਈ ਦਿੱਤੀ ਜਿਸ ਤੱਕ ਸਾਈਬਰ ਧੋਖਾਧੜੀ ਦੀ ਰਿਪੋਰਟ ਕਰਨ ਲਈ ਕੋਈ ਵੀ ਵਿਅਕਤੀ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ।
ਨਵੇਂ ਉਪਭੋਗਤਾਵਾਂ ਲਈ ਇਸ ਵੈਬ-ਪੋਰਟਲ ਤੱਕ ਪਹੁੰਚ ਨੂੰ ਹੋਰ ਆਸਾਨ ਬਣਾਉਣ ਲਈ, ਇਸ ਵੈਬ-ਪੋਰਟਲ ਵਿੱਚ ਪੰਜਾਬੀ ਭਾਸ਼ਾ ‘ਚ ਇੱਕ ਜਾਣਕਾਰੀ ਵਾਲੀ ਵੀਡੀਓ ਦਿੱਤੀ ਗਈ ਹੈ ਜਿਸ ਵਿੱਚ ਇਸ ਪੋਰਟਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਪਭੋਗਤਾਵਾਂ ਨੂੰ ਕਿਸੇ ਵੀ ਕਿਸਮ ਦੇ ਸਾਈਬਰ ਅਪਰਾਧ ਬਾਰੇ ਸ਼ਿਕਾਇਤ ਦਰਜ ਕਰਨ ਬਾਰੇ ਮਾਰਗਦਰਸ਼ਨ ਕੀਤਾ ਗਿਆ ਹੈ। ਜਦੋਂ ਵੀ ਉਪਭੋਗਤਾ ਵੈੱਬ-ਪੋਰਟਲ ਖੋਲ੍ਹਦਾ ਹੈ ਤਾਂ ਸਕ੍ਰੀਨ ‘ਤੇ ਇਹ ਵੀਡੀਓ ਸਾਹਮਣੇ ਆ ਜਾਂਦੀ ਹੈ।
ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਕਿਹਾ ਕਿ ਹਰ ਤਰ੍ਹਾਂ ਦੇ ਸਾਈਬਰ ਅਪਰਾਧ ਅਤੇ ਸਾਈਬਰ ਵਿੱਤੀ ਧੋਖਾਧੜੀ ਸਬੰਧੀ ਮਾਮਲਾ ਦਰਜ ਕਰਨ ਤੋਂ ਇਲਾਵਾ, ਉਪਭੋਗਤਾ ਇਸ ਪੋਰਟਲ ਦੀ ਵਰਤੋਂ ਕਰਕੇ ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਵੀ ਟਰੈਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੋਰਟਲ ਵਿੱਚ ਗੁਪਤ ਰੂਪ ‘ਚ ਸ਼ਿਕਾਇਤ ਦਰਜ ਕਰਵਾਉਣ ਦਾ ਵਿਕਲਪ ਵੀ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਵੈੱਬ-ਪੋਰਟਲ ਸਾਈਬਰ ਸਾਧਨਾਂ ਰਾਹੀਂ ਕੀਤੀ ਗਈ ਕਿਸੇ ਵੀ ਵਿੱਤੀ ਧੋਖਾਧੜੀ ਦੀ ਰਿਪੋਰਟ ਕਰਨ ਲਈ ਸਿੱਧੇ ‘1930’ ‘ਤੇ ਕਾਲ ਕਰਨ ਦਾ ਵਿਕਲਪ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦੀ ਵਰਤੋਂ ਕਰਕੇ ਕੋਈ ਵੀ ਵਿਅਕਤੀ ਸਟੇਟ ਸਾਈਬਰ ਕ੍ਰਾਈਮ ਥਾਣਿਆਂ ਵਿੱਚ ਦਰਜ ਫਸਟ ਇਨਫਰਮੇਸ਼ਨ ਰਿਪੋਰਟਾਂ (ਐਫ.ਆਈ.ਆਰਜ਼) ਨੂੰ ਵੀ ਡਾਊਨਲੋਡ ਕਰ ਸਕਦਾ ਹੈ।
ਹੋਰ ਜਾਣਕਾਰੀ ਦਿੰਦਿਆਂ, ਡੀ.ਆਈ.ਜੀ. ਨੀਲਾਂਬਰੀ ਨੇ ਕਿਹਾ ਕਿ ਉਪਭੋਗਤਾ ਇਸ ਵੈਬ-ਪੋਰਟਲ ਰਾਹੀਂ ਭਾਰਤ ਸਰਕਾਰ ਦੇ ਟਵਿੱਟਰ ਹੈਂਡਲ ਸਾਈਬਰ ਦੋਸਤ ਤੱਕ ਵੀ ਪਹੁੰਚ ਕਰ ਸਕਦੇ ਹਨ, ਜੋ ਸਾਈਬਰ ਅਪਰਾਧਾਂ ਬਾਰੇ ਜਾਣਕਾਰੀ, ਅਪਡੇਟਸ ਅਤੇ ਅਲਰਟ ਪ੍ਰਦਾਨ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪੋਰਟਲ ਵਿੱਚ ਸਾਈਬਰ ਸੇਫ ਨਾਮਕ ਇੱਕ ਵਿਸ਼ੇਸ਼ਤਾ ਵੀ ਹੈ ਜਿਸ ਦੀ ਵਰਤੋਂ ਕਰਦਿਆਂ ਉਪਭੋਗਤਾ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਕਿਸੇ ਵੀ ਕਿਸਮ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਯੂ.ਪੀ.ਆਈ. ਜਾਂ ਖਾਤਾ ਨੰਬਰ ਦੀ ਪੁਸ਼ਟੀ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਇਹ ਪੋਰਟਲ ਭਾਰਤ ਸਰਕਾਰ ਦੀ ਸਾਈਬਰ ਕ੍ਰਾਈਮ ਪ੍ਰੀਵੈਨਸ਼ਨ ਅਗੇਨਸਟ ਵੂਮੈਨ ਐਂਡ ਚਿਲਡਰਨ (ਸੀ.ਸੀ.ਪੀ.ਡਬਲਯੂ.ਸੀ.) ਸਕੀਮ ਨਾਲ ਵੀ ਜੁੜਿਆ ਹੋਇਆ ਹੈ ਜੋ ਔਰਤਾਂ ਅਤੇ ਬੱਚਿਆਂ ਨਾਲ ਹੋਣ ਵਾਲੇ ਸਾਈਬਰ ਅਪਰਾਧਾਂ ਨਾਲ ਨਜਿੱਠਦੀ ਹੈ। ਉਹਨਾਂ ਕਿਹਾ ਕਿ ਪੋਰਟਲ ‘ਤੇ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਦਿਆਂ ਕੋਈ ਵੀ ਵਿਅਕਤੀ ਮਹਿਲਾਵਾਂ ਅਤੇ ਬੱਚਿਆਂ ਨਾਲ ਹੋਣ ਵਾਲੇ ਅਪਰਾਧਾਂ ਦੀ ਰਿਪੋਰਟ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਵੈੱਬ-ਪੋਰਟਲ ਵਿੱਚ ਪ੍ਰੈਸ-ਨੋਟ ਅਤੇ ਅਲਰਟ ਸੈਕਸ਼ਨ ਉਪਭੋਗਤਾਵਾਂ ਨੂੰ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਨਵੀਨਤਮ ਜਾਣਕਾਰੀ, ਨਵੀਆਂ ਪਹਿਲਕਦਮੀਆਂ ਅਤੇ ਅਪਡੇਟਸ ਬਾਰੇ ਜਾਣਕਾਰੀ ਦੇਣ ਵਿੱਚ ਮਦਦ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!