ਪੰਜਾਬ

ਪੰਜਾਬ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ/ਦਿੱਲੀ ਲਈ ਹਜ਼ਾਰਾਂ ਦੀ ਗਿਣਤੀ ‘ਚ ਕਾਫ਼ਲੇ ਰਵਾਨਾ

ਚੰਡੀਗੜ੍ਹ 25 ਦਸੰਬਰ(.) ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਦੇ ਤਿੰਨ-ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਸਬੰਧੀ ਆਰਡੀਨੈਂਸ ਖ਼ਿਲਾਫ਼ 84ਵੇਂ ਦਿਨ ਵੀ ਪੰਜਾਬ ਭਰ ‘ਚ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ-ਮਾਲਜ਼ ਅਤੇ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਸਮੇਤ ਵੱਖ-ਵੱਖ 60 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ‘ਚ 500 ਕਿਸਾਨ-ਜਥੇਬੰਦੀਆਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਜਾਰੀ ਮੋਰਚਿਆਂ ‘ਚ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵਧ ਰਹੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਕਾਫ਼ਲੇ ਪਹੁੰਚ ਰਹੇ ਹਨ। ਨੌਜਵਾਨਾਂ ਅਤੇ ਔਰਤਾਂ ਵੱਲੋਂ ਪਿੰਡਾਂ ‘ਚ ਵਿੱਚ ਮਾਰਚ ਕਰਦਿਆਂ ਹਰ ਪਰਿਵਾਰ ‘ਚੋੰ ਘੱਟੋ-ਘੱਟ ਇੱਕ ਮੈਂਬਰ ਨੂੰ ਜਰੂਰ ਦਿੱਲੀ ਮੋਰਚੇ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਜਲੰਧਰ ਸਮੇਤ ਹੋਰ ਕੁੱਝ ਥਾਵਾਂ ‘ਤੇ ਕਿਸਾਨਾਂ ਦੇ ਰੋਸ-ਪ੍ਰਦਰਸ਼ਨਾਂ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਲੋਕ-ਰੋਹ ਨੂੰ ਸਮਝੇ ਅਤੇ ਕਾਲੇ-ਕਾਨੂੰਨ ਵਾਪਿਸ ਕਰਵਾਉਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਦਬਾਅ ਬਣਾਵੇ। ਜਥੇਬੰਦੀਆਂ ਵੱਲੋਂ ਕਾਰਪੋਰੇਟ-ਘਰਾਣਿਆਂ ਦੇ ਬਾਈਕਾਟ ਦੇ ਸੱਦੇ ਤਹਿਤ ਅੰਬਾਨੀ ਦੇ ਰਿਲਾਇੰਸ-ਜੀਓ ਸਿੰਮ ਪੋਰਟ ਕਰਵਾਉਣ ਲਈ ਪੰਜਾਬ ਦੇ ਪੇਂਡੂ-ਖੇਤਰਾਂ ‘ਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਦੇ ਪਸਾਰ ਹਿੱਤ 10 ਲੱਖ ਹਿੰਦੀ, 10 ਲੱਖ ਪੰਜਾਬੀ ਅਤੇ 5 ਲੱਖ ਅੰਗਰੇਜ਼ੀ ਕਿਤਾਬਚੇ ਕਾਲੇ-ਕਾਨੂੰਨਾਂ ਸਬੰਧੀ ਦੇਸ਼ ਭਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੰਡੇ ਜਾਣਗੇ। ਉਹਨਾਂ ਦੱਸਿਆ ਕਿ 26-27 ਦਸੰੰਬਰ ਨੂੰ ਦਿੱਲੀ-ਮੋਰਚਿਆਂ ‘ਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।                                                                                                                                   ਕਿਸਾਨ ਨਿਧੀ ਯੋਜਨਾ ਕਿਸਾਨਾਂ ਨਾਲ ਵੱਡਾ ਧੋਖਾ : ਜਗਮੋਹਨ ਸਿੰਘ ਪਟਿਆਲਾ : ਇਹ ਕੇਂਦਰ ਸਰਕਾਰ ਦਾ ਕਿਸਾਨੀ ਸਿਰ ਕੋਈ ਅਹਿਸਾਨ ਨਹੀਂ, ਇਹ ਲੋਕਾਂ ਦੀ ਹੱਡ ਭੰਨਵੀ ਕਿਰਤ ਕਮਾਈ ਦਾ ਪੈਸਾ ਹੈ। ਖੇਤਾਂ ਵਿੱਚ ਪਸੀਨਾ ਵਹਾਉਣ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਪੰਜ ਸੌ ਰੁ ਪ੍ਰਤੀ ਮਹੀਨਾ ਦੇਣਾ ਅਪਮਾਨ ਨਹੀਂ ਤਾਂ ਹੋਰ ਕੀ ਹੈ? ਕਿਸਾਨ ਮੰਗਤਾ ਨਹੀਂ, ਅੰਨਦਾਤਾ ਹੈ, ਉਹ ਪੰਜ ਸੌ ਰੁ. ਦੀ ਇੱਛਾ ਨਾਲੋਂ ਆਪਣੀ ਪੁੱਤਾਂ ਧੀਆਂ ਵਾਂਗ ਪਾਲੀ ਫ਼ਸਲ ਦਾ ਪੂਰਾ ਮੁੱਲ ਮੰਗਦਾ ਹੈ। ਕਿਸਾਨ ਦੀ ਫ਼ਸਲ ਪਹਿਲਾਂ ਅੱਧੇ ਮੁੱਲ ਤੇ ਲੁੱਟ ਲਵੋ ਤੇ ਮਗ਼ਰੋਂ ਪੰਜ ਸੌ ਰੁ. ਦੀ ਖੈਰਾਤ ਵਜੋਂ ਮੋੜਕੇ ਉਸ ਕਿਸਾਨ ਸਿਰ ਅਹਿਸਾਨ ਕਰੋ, ਇਹ ਕਿੱਥੋਂ ਦਾ ਇਨਸਾਫ ਹੈ? ਕਾਰਪੋਰੇਟ ਘਰਾਣਿਆਂ ਲਈ ਹਰ ਸਾਲ ਕਈ ਕਈ ਲੱਖ ਕਰੋੜਾਂ ਰੁਪਏ ਦੀਆਂ ਛੋਟਾਂ ‌‌ਦਿਤੀਆਂ ਜਾਂਦੀਆਂ ਹਨ, ਅਸਲ ਵਿੱਚ ਮੁਲਕ ਦੇ ਹਾਕਮਾਂ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਉਣ ਦੇ ਹੋਰ ਹਨ। ਖਾਣ ਪੀਣ ਨੂੰ ਭਾਗ ਭਰੀ, ਡੰਡੇ ਖਾਣ ਨੂੰ ਰਿੱਛ। ਖੂਨ ਪਸੀਨਾ ਵਹਾਉਣ ਵਾਲੇ ਕਿਸਾਨ ਕਰਜ਼ੇ ਅਤੇ ਮਜ਼ਦੂਰ ਭੁੱਖ ਨਾਲ ਮਰਨ ਲਈ ‍ਮਜਬੂਰ ਹਨ।    

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!