ਪੰਜਾਬ
ਮੁੱਖ ਮੰਤਰੀ ਵੱਲੋਂ ਪ੍ਰੋਫੈਸਰ ਪ੍ਰਮੋਦ ਕੁਮਾਰ ਦੇ ਪਿਤਾ ਰਾਮ ਦੇਵ ਦੇ ਦੇਹਾਂਤ ਉਤੇ ਅਫਸੋਸ ਜਾਹਰ
ਚੰਡੀਗੜ੍ਹ, 25 ਦਸੰਬਰਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈ.ਡੀ.ਸੀ.), ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਪ੍ਰਮੋਦ ਕੁਮਾਰ ਦੇ ਪਿਤਾ ਰਾਮ ਦੇਵ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਸਵੇਰੇ ਸੰਖੇਪ ਬਿਮਾਰੀ ਮਗਰੋਂ ਚੱਲ ਵਸੇ। ਦੁੱਖ ਦੀ ਇਸ ਘੜੀ ਵਿੱਚ ਪਰਿਵਾਰਕ ਮੈਂਬਰਾਂ ਤੇ ਸਾਕ-ਸਬੰਧੀਆਂ ਨਾਲ ਹਮਦਰਦੀ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਰਾਮ ਦੇਵ ਦੇ ਅਕਾਲ ਚਲਾਣੇ ਉਤੇ ਅਫਸੋਸ ਜਾਹਰ ਕੀਤਾ।