ਪੰਜਾਬ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ; 10 ਕਿਲੋ ਹੈਰੋਇਨ, ਹਾਈਟੈਕ ਡਰੋਨ ਬਰਾਮਦ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

 

ਫੜੇ ਗਏ ਤਸਕਰ ਪਿਛਲੇ 3 ਸਾਲਾਂ ਤੋਂ ਗੁਆਂਢੀ ਰਾਜਾਂ ਵਿੱਚ ਨਸ਼ਿਆਂ ਦੀ ਕਰ ਰਹੇ ਸਨ ਤਸਕਰੀ: ਡੀਜੀਪੀ ਪੰਜਾਬ ਗੌਰਵ ਯਾਦਵ

ਪੁਲਿਸ ਨੇ ਫੜ੍ਹੇ ਗਏ ਮੁਲਜ਼ਮਾਂ ਦੇ ਨਸ਼ਾ ਤਸਕਰੀ ਅਤੇ ਵੰਡ ਨੈਟਵਰਕ ਦੀ ਕੀਤੀ ਪਛਾਣ, ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ : ਐਸਐਸਪੀ ਸਵਪਨ ਸ਼ਰਮਾ

ਚੰਡੀਗੜ੍ਹ/ਅੰਮ੍ਰਿਤਸਰ, 25 ਦਸੰਬਰ:

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਛੇੜੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ 10 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਹਾਈਟੈੱਕ ਡਰੋਨ ਸਮੇਤ ਇਸ ਨੈੱਟਵਰਕ ਦੇ ਦੋ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਫੜੇ ਗਏ ਤਸਕਰਾਂ ਦੀ ਪਛਾਣ ਦਲਬੀਰ ਅਤੇ ਜਗਦੀਸ਼ ਦੋਵੇਂ ਵਾਸੀ ਅੰਮ੍ਰਿਤਸਰ, ਘਰਿੰਡਾ ਵਜੋਂ ਹੋਈ ਹੈ ਜੋ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ ਅਤੇ ਉਨ੍ਹਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸਐਸਪੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਇਸ ਗਿਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜੋ ਕਿ ਡਰੋਨਾਂ ਦੀ ਮਦਦ ਨਾਲ ਸਰਹੱਦ ਪਾਰੋਂ ਨਸ਼ਾ ਮੰਗਵਾ ਕੇ ਇਸਦੀ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਤਸਕਰੀ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਦੋਵਾਂ ਤਸਕਰਾਂ ਤੋਂ ਬਰਾਮਦ ਕੀਤਾ ਗਿਆ ਅਮਰੀਕਾ ਦਾ ਆਧੁਨਿਕ ਡਰੋਨ ਡੀਜੇਆਈ ਸੀਰੀਜ਼ ਦਾ ਡਰੋਨ ਹੈ, ਜਿਸ ਦੀ ਕੀਮਤ 20 ਲੱਖ ਰੁਪਏ ਹੈ ਅਤੇ ਹਾਈ-ਟੈਕ ਵਿਸ਼ੇਸ਼ਤਾਵਾਂ ਜਿਵੇਂ ਲੰਬੇ ਸਮੇਂ ਤੱਕ ਚੱਲਣ ਵਾਲਾ ਬੈਟਰੀ ਬੈਕਅੱਪ ਅਤੇ ਇਨਫਰਾਰੈੱਡ ਆਧਾਰਿਤ ਨਾਈਟ ਵਿਜ਼ਨ ਕੈਮਰਾ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਅਜਿਹਾ ਪੰਜਵਾਂ ਡਰੋਨ ਬਰਾਮਦ ਹੋਇਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਤਸਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਬਦਲਵੇਂ ਢੰਗ ਤਰੀਕੇ ਵਰਤ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੀਆਂ ਮੱਛੀਆਂ ਦਾ ਗੁਆਂਢੀ ਰਾਜਾਂ ਵਿੱਚ ਚੰਗੀ ਤਰ੍ਹਾਂ ਸਥਾਪਤ ਵੰਡ ਨੈਟਵਰਕ ਸੀ, ਜਿਸ ਦੀ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਹਰਿਆਣਾ ਅਤੇ ਦਿੱਲੀ ਵਿੱਚ 12 ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ  ਜਿਸ ਨਾਲ  ਹੋਰ ਨਸ਼ਾ ਬਰਾਮਦ ਹੋਣ ਦੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਘਰਿੰਡਾ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਅਤੇ 23 ਅਧੀਨ ਐਫ.ਆਈ.ਆਰ. ਨੰ 224 ਮਿਤੀ 25/12/2022 ਦਰਜ ਹੈ।

ਜਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿਛਲੇ ਪੰਜ ਮਹੀਨਿਆਂ ਵਿੱਚ 39 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੂਜੀ ਸੁਰੱਖਿਆ ਪੰਕਤੀ  ਦੇ ਨਾਲ ਸਖ਼ਤ ਚੌਕਸੀ ਅਤੇ ਬੀਐਸਐਫ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਦੇ ਨਤੀਜੇ ਵਜੋਂ ਇਹ ਵੱਡੀਆਂ ਬਰਾਮਦਗੀਆਂ ਹੋਈਆਂ ਹਨ।

ਡੱਬੀ: ਇੱਕ ਮਹੀਨੇ ਵਿੱਚ ਪੰਜ ਡਰੋਨ ਬਰਾਮਦ

29 ਨਵੰਬਰ: ਤਰਨਤਾਰਨ ਦੇ ਖੇਮਕਰਨ ਵਿੱਚ ਬਾਰਡਰ ਆਊਟਪੋਸਟ (ਬੀਓਪੀ) ਹਰਭਜਨ ਦੇ ਅਧਿਕਾਰ ਖੇਤਰ ਵਿੱਚ 6.68 ਕਿਲੋਗ੍ਰਾਮ ਹੈਰੋਇਨ ਦੇ ਛੇ ਪੈਕੇਟ ਨਾਲ ਲੋਡਿਡ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।

30 ਨਵੰਬਰ: ਤਰਨਤਾਰਨ ਦੇ ਖਾਲੜਾ ਦੇ ਪਿੰਡ ਵਣ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਇੱਕ ਟੁੱਟਿਆ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।

2 ਦਸੰਬਰ: ਤਰਨਤਾਰਨ ਦੇ ਖੇਮਕਰਨ ਖੇਤਰ ਤੋਂ 5.60 ਕਿਲੋਗ੍ਰਾਮ ਹੈਰੋਇਨ ਦੇ ਪੰਜ ਪੈਕੇਟ ਨਾਲ ਲੋਡਿਡ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।

4 ਦਸੰਬਰ: ਤਰਨਤਾਰਨ ਦੇ ਬਾਰਡਰ ਆਊਪੋਸਟ (ਬੀਓਪੀ)  ਕਾਲੀਆ ਦੇ ਖੇਤਰ ਤੋਂ 3.06 ਕਿਲੋਗ੍ਰਾਮ ਹੈਰੋਇਨ ਦੇ ਤਿੰਨ ਪੈਕਟਾਂ ਨਾਲ ਲੋਡਿਡ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।

25 ਦਸੰਬਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 10 ਕਿਲੋ ਹੈਰੋਇਨ ਸਮੇਤ 20 ਲੱਖ ਰੁਪਏ ਦੀ ਕੀਮਤ ਦਾ ਡੀਜੇਆਈ ਸੀਰੀਜ਼ ਯੂਐਸਏ ਦਾ ਬਣਿਆ ਹਾਈਟੈਕ ਡਰੋਨ ਬਰਾਮਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!