ਪੰਜਾਬ ਪੁਲੀਸ ਵੱਲੋਂ ਮੱਧ ਪ੍ਰਦੇਸ਼ ਅਧਾਰਤ ਗੈਰ ਕਾਨੂੰਨੀ ਹਥਿਆਰਾਂ ਦੇ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼
2 ਵਿਅਕਤੀ ਗਿ੍ਰਫ਼ਤਾਰ ਅਤੇ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ
ਚੰਡੀਗੜ੍ਹ, 9 ਜਨਵਰੀ:
ਇੱਕ ਵੱਡੀ ਅੰਤਰ-ਰਾਜੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਮੱਧ ਪ੍ਰਦੇਸ਼ ਅਧਾਰਤ ਹਥਿਆਰਾਂ ਦੇ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪੰਜਾਬ ਵਿਚਲੇ ਗੈਂਗਸਟਰਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਸਪਲਾਈ ਕਰ ਰਹੇ ਸਨ। ਇਸ ਕਾਰਵਾਈ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ .32 ਬੋਰ ਦੀਆਂ 12 ਪਿਸਤੌਲਾਂ ਤੇ 15 ਮੈਗਜ਼ੀਨਾਂ ਸਮੇਤ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਇਸ ਗਿਰੋਹ ਦੇ ਸਪੱਸ਼ਟ ਤੌਰ ’ਤੇ ਪੰਜਾਬ ਅਧਾਰਤ ਕੁਝ ਅੱਤਵਾਦੀਆਂ ਨਾਲ ਵੀ ਸਬੰਧ ਹਨ ਅਤੇ ਸ਼ੱਕ ਹੈ ਕਿ ਪਿਛਲੇ 3 ਮਹੀਨਿਆਂ ਦੌਰਾਨ ਇਸ ਗਿਰੋਹ ਵੱਲੋਂ ਸੂਬੇ ਵਿਚ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਦੋ ਦਰਜਨ ਤੋਂ ਵੱਧ .32 ਬੋਰ ਦੀਆਂ ਪਿਸਤੌਲਾਂ ਸਪਲਾਈ ਕੀਤੀਆਂ ਗਈਆਂ ਹਨ।
ਪੰਜਾਬ ਦੇ ਡੀ.ਜੀ.ਪੀ., ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਐਸ.ਐਸ.ਪੀ., ਅੰਮਿ੍ਰਤਸਰ (ਦਿਹਾਤੀ) ਧਰੁਵ ਦਹੀਆ ਦੀ ਨਿਗਰਾਨੀ ਹੇਠ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਮਹੇਸ਼ ਸਿਲੋਤੀਆ ਅਤੇ ਜੱਗੂ ਨੂੰ ਡੀ.ਐਸ.ਪੀ., ਗੁਰਿੰਦਰ ਨਾਗਰਾ ਦੀ ਅਗਵਾਈ ਵਾਲੀ ਟੀਮ ਵੱਲੋਂ ਖਰਗੋਨ, ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੇ ਜੱਦੀ ਪਿੰਡਾਂ ਤੋਂ ਕਾਬੂ ਕੀਤਾ ਗਿਆ। ਸ੍ਰੀ ਗੁਪਤਾ ਨੇ ਦੱÎਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹਾਲ ਹੀ ਵਿੱਚ .32 ਬੋਰ ਦੇ 4 ਗੈਰ ਕਾਨੂੰਨੀ ਪਿਸਤੌਲ ਬਰਾਮਦ ਕੀਤੇ ਜਾਣ ਦੇ ਮਾਮਲੇ ਵਿੱਚ ਕੀਤੀ ਗਈ ਜਾਂਚ ਤੋਂ ਰਾਹੁਲ ਨਾਮੀ ਵਿਅਕਤੀ ਦੀ ਅਗਵਾਈ ਵਾਲੇ ਮੱਧ ਪ੍ਰਦੇਸ਼ ਅਧਾਰਤ ਗਿਰੋਹ ਦੀ ਸ਼ਮੂਲੀਅਤ ਹੋਣ ਬਾਰੇ ਹੋਏ ਖੁਲਾਸੇ ਤੋਂ ਬਾਅਦ ਖਰਗੋਨ ਵਿੱਚ ਛਾਪੇਮਾਰੀ ਕੀਤੀ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਗਿਰੋਹ ਪੰਜਾਬ ਅਧਾਰਤ ਗੈਂਗਸਟਰਾਂ ਲਈ ਕਈ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗਿਰੋਹ ਸਤੰਬਰ 2020 ਵਿਚ ਪਟਿਆਲਾ ਪੁਲਿਸ ਵੱਲੋਂ ਜ਼ਬਤ ਕੀਤੇ ਗਏ .32 ਬੋਰ ਦੇ ਛੇ ਪਿਸਤੌਲਾਂ ਦੀ ਖੇਪ ਦਾ ਸਰੋਤ ਵੀ ਸੀ। ਇਸ ਤੋਂ ਇਲਾਵਾ ਪੁਲੀਸ ਥਾਣਾ ਚਾਟੀਵਿੰਡ, ਅੰਮਿ੍ਰਤਸਰ (ਦਿਹਾਤੀ) ਵਿਖੇ ਦਰਜ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਫੜ੍ਹਨ ਦੇ ਮਾਮਲੇ ਵਿੱਚ ਵੀ ਇਸ ਗਿਰੋਹ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਗੁਪਤਾ ਨੇ ਕਿਹਾ ਕਿ ਇਸ ਗਿਰੋਹ ਦੇ ਪੰਜਾਬ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਰਾਹੁਲ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਈ ਗੈਂਗਸਟਰਾਂ ਅਤੇ ਕੱਟੜਪੰਥੀਆਂ ਨਾਲ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਸਰਗਰਮੀ ਨਾਲ ਗੈਰ ਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਸੀ। ਗੌਰਤਲਬ ਹੈ ਕਿ ਉਹ ਡਰੋਨ ਮਡਿਊਲ, ਜਿਸਦਾ ਪੰਜਾਬ ਪੁਲਿਸ ਵੱਲੋਂ 2019 ਵਿੱਚ ਪਰਦਾਫਾਸ਼ ਕੀਤਾ ਗਿਆ ਸੀ, ਦੇ ਮੁੱਖ ਦੋਸ਼ੀ ਅਕਾਸ਼ਦੀਪ ਸਿੰਘ ਨਾਲ ਵੀ ਨੇੜਿਓਂ ਸੰਪਰਕ ਵਿੱਚ ਸੀ, ਜੋ ਇਸ ਸਮੇਂ ਅੰਮਿ੍ਰਤਸਰ ਜੇਲ੍ਹ ਵਿੱਚ ਹੈ।ਸ੍ਰੀ ਗੁਪਤਾ ਨੇ ਅੱਗੇ ਦੱÎਸਿਆ ਕਿ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੰਪਰਕਾਂ ਦੇ ਪੂਰੇ ਨੈੱਟਵਰਕ ਅਤੇ ਪੰਜਾਬ ਵਿੱਚ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਉਨ੍ਹਾਂ ਦੇ ਸਬੰਧਾਂ ਤੋਂ ਪਰਦਾ ਉਠਾਇਆ ਜਾ ਸਕੇ।
ਡੀਜੀਪੀ ਨੇ ਦੱਸਿਆ ਕਿ ਰਾਹੁਲ ਤੋਂ ਇਲਾਵਾ ਉਸ ਦੇ ਇੱਕ ਹੋਰ ਸਾਥੀ ਸਤੀਪੁਰਾ ਦੇ ਸਿਕਲੀਗਰ ਗੋਪਾਲ ਸਿੰਘ ਵਾਸੀ ਪੁਲੀਸ ਥਾਣਾ ਭਗਵਾਨਪੁਰਾ, ਖਰਗੋਨ, ਦਾ ਨਾਮ ਗਿ੍ਰਫਤਾਰ ਕੀਤੇ ਗਏ ਮਹੇਸ਼ ਅਤੇ ਜੱਗੂ ਤੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਅਤੇ ਗੋਪਾਲ ਦੋਵਾਂ ਦੇ ਨਾਮ ਪੁਲੀਸ ਥਾਣਾ ਘਰਿੰਡਾ, ਅੰਮ੍ਰਿਤਸਰ (ਦਿਹਾਤੀ) ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਐਫਆਈਆਰ ਨੰ. 199 ਮਿਤੀ 10.12.2020 ਵਿੱਚ ਦਰਜ ਹਨ ਅਤੇ ਇਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।