ਪੰਜਾਬ

ਆਈ.ਆਈ.ਐਮ. ਅਹਿਮਦਾਬਾਦ ਵਿਖੇ ਟਰੇਨਿੰਗ ਲਈ ਰਵਾਨਾ ਅਧਿਆਪਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਚੰਡੀਗੜ੍ਹ, 27 ਅਗਸਤ: 
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ 50 ਹੈੱਡਮਾਸਟਰਾਂ ਦਾ ਦੂਜਾ ਬੈਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਲਈ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਟਰੇਨਿੰਗ ‘ਤੇ ਜਾ ਰਹੇ ਅਧਿਆਪਕਾਂ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ।
ਇਸ ਮੌਕੇ ਗੱਲ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਸਰਕਾਰੀ ਹਾਈ ਸਕੂਲ ਤਾਜਪੁਰ ਭਗਵਾਨਪੁਰ ਦੇ ਹੈੱਡ ਟੀਚਰ ਸ੍ਰੀਮਤੀ ਪੂਨਮ ਪੁਰੀ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੈਨੂੰ ਦੁਨੀਆਂ ਦੇ ਪ੍ਰਸਿੱਧ ਸਿੱਖਿਆ ਕੇਂਦਰ ਵਿਖੇ ਟਰੇਨਿੰਗ ਹਾਸਲ ਕਰਨ ਲਈ ਭੇਜਿਆ ਜਾ ਰਿਹਾ ਹੈ। ਇਸ ਟਰੇਨਿੰਗ ਨਾਲ ਮੇਰੇ ਪ੍ਰੋਫੈਸਨਲ ਸਕਿੱਲ ਹੋਰ ਵਿਕਸਤਿ ਹੋਣਗੇ ਜਿਸ ਦਾ ਲਾਭ ਸਾਡੇ ਵਿਦਿਆਰਥੀਆਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਸਰਕਾਰ ਦੀ ਸਿੱਖਿਆ ਪ੍ਰਤੀ ਉਸਾਰੂ ਸੋਚ ਦਾ ਪ੍ਰਗਟਾਵਾ ਕਰਦੀ ਹੈ। ਜਿਸਦੇ ਭਵਿੱਖ ਵਿੱਚ ਹਾਂ-ਪੱਖੀ ਸਿੱਟੇ ਨਿਕਲਣਗੇ।  
ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਚੌਹਾਨ ਕੇ ਖੁਰਦ ਦੇ ਹੈੱਡ ਟੀਚਰ ਪੁਨੀਤ ਗਰਗ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਦੇਸ਼ ਦੀ ਨੰਬਰ 1 ਸੰਸਥਾ ਆਈ.ਆਈ.ਐਮ. ਅਹਿਮਦਾਬਾਦ ਤੋਂ ਟਰੇਨਿੰਗ ਦਵਾ ਕੇ ਜਿੱਥੇ ਸਕੂਲ ਦੇ ਪ੍ਰਬੰਧਨ ਨੂੰ ਨਵੀਂ ਸੇਧ ਦੇਣ ਦੀ ਸਮਰੱਥਾ ਮਿਲੇਗੀ ਉੱਥੇ ਨਾਲ ਹੀ ਮੈਂ ਵਿਦਿਆਰਥੀਆਂ ਦੀਆਂ ਹਰ ਕਿਸਮ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਇਨ੍ਹਾਂ ਨਾਲ ਨਜਿੱਠਣ ਵਿੱਚ ਸਮਰੱਥ ਹੋਵਾਂਗਾ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਰਾਹੀਂ ਮੈਂ ਸਕੂਲ ਵਿੱਚ ਸਿੱਖਿਆ ਸਬੰਧੀ ਮਾਹੌਲ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਸਕਾਂਗਾ।
ਜਲੰਧਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਬਸਤੀ ਬਾਵਾ ਖੇਲ ਦੀ ਹੈੱਡ ਟੀਚਰ ਪ੍ਰਭਜੋਤ ਕੌਰ ਨੇ ਕਿਹਾ ਕਿ ਇਸ ਟਰੇਨਿੰਗ ਤੋਂ ਸਾਨੂੰ ਹਿਊਮਨ ਰਿਸੋਰਸ ਦੀ ਬਿਹਤਰ ਵਰਤੋਂ ਦੀ ਸਿੱਖਿਆ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਿਹਤਰ ਸਮਝ ਸਕਾਂਗੇ। ਉਨ੍ਹਾਂ ਕਿਹਾ ਕਿ ਜਿੰਨੀ ਵਧੀਆ ਟਰੇਨਿੰਗ ਸਕੂਲ ਮੁਖੀ ਦੀ ਹੋਵੇਗੀ ਉਨਾਂ ਹੀ ਸਟਾਫ ਅਤੇ ਵਿਦਿਆਰਥੀਆਂ ਨੂੰ ਵੀ ਲਾਭ ਮਿਲੇਗਾ।
ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਘਨੌਲਾ ਦੇ ਹੈੱਡ ਟੀਚਰ ਰਮੇਸ਼ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਅਪਡੇਸ਼ਨ ਬਹੁਤ ਜ਼ਰੂਰੀ ਹੈ। ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਅਪਡੇਸ਼ਨ ਹੋਰ ਵੀ ਲਾਭਕਾਰੀ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਐਨਰਜੀ ਟਾਪ ਟੂ ਬਾਟਮ ਦੇ ਸਿਧਾਂਤ ਅਨੁਸਾਰ ਇਸ ਟਰੇਨਿੰਗ ਦੇ ਬਹੁਤ ਸਾਰਥਕ ਨਤੀਜੇ ਨਿਕਲਣਗੇ।
ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਚੱਕ ਬਖਤੂ ਦੇ ਹੈੱਡ ਟੀਚਰ ਗੁਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਸਮੇਂ ਦੇ ਨਾਲ ਅਪਡੇਟ ਨਹੀਂ ਕਰਾਂਗੇ ਤਾਂ ਅਸੀਂ ਬੱਚਿਆ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਨਹੀਂ ਦੇ ਪਾਵਾਂਗੇ। ਇਸ ਟਰੇਨਿੰਗ ਰਾਹੀਂ ਜੋ ਅਸੀਂ ਸਿੱਖ ਕੇ ਆਵਾਂਗੇ ਉਹੀ ਅਸੀਂ ਬੱਚਿਆ ਨੂੰ ਸਿਖਾਵਾਂਗੇ ਜਿਸ ਦੇ ਭਵਿੱਖ ਵਿੱਚ ਵਧੀਆ ਸਿੱਟੇ ਨਿਕਲਣ ਦੀ ਆਸ ਹੈ। ਕਈ ਵਾਰ ਅਸੀਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਮਰੱਥ ਹੁੰਦੇ ਹਾਂ ਪਰੰਤੂ ਇਹ ਟਰੇਨਿੰਗ ਸਾਨੂੰ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਮਰੱਥ ਬਣਾਏਗੀ।
ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਚੀਮਾ ਕਲਾਂ, ਪੱਟੀ ਦੀ ਹੈੱਡ ਟੀਚਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਦੀ ਬਹੁਤ ਧੰਨਵਾਦੀ ਹਾਂ ਕਿ ਸਰਕਾਰ ਨੇ ਮੈਨੂੰ ਆਪਣੇ ਖਰਚ ਉੱਤੇ ਦੁਨੀਆਂ ਦੀ ਬਿਹਤਰੀਨ ਸਿੱਖਿਆ ਸੰਸਥਾ ਵਿੱਚ ਸਿੱਖਿਆ ਹਾਸਲ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਸਾਨੂੰ ਦੁਨੀਆਂ ਦੇ ਨਵੀਨਤਮਕ ਸਿੱਖਿਆ ਤਕਨੀਕਾਂ ਤੋਂ ਜਾਣੂ ਕਰਵਾਏਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!