ਪੰਜਾਬ

ਸੂਬਾ ਚੋਣ ਕਮਿਸ਼ਨ ਤੁਰੰਤ ਸਮੇਟਿਆ ਜਾਵੇ : ਅਕਾਲੀ ਦਲ

ਪਾਰਟੀ ਨੇ ਕਿਹਾ ਕਿ ਕਮਿਸ਼ਨਰ ਜਗਪਾਲ ਸਿੰਘ ਸਿੱਧੂ ਨੇ ਕੱਲ੍ਹ ਜਲਾਲਾਬਾਦ ਵਿਚ ਅਕਾਲੀ ਵਰਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਕਾਰਵਾਈ ਕਰਨ ਵਿਚ ਅਸਮਰਥਾ ਪ੍ਰਗਟਾਈ

ਡਾ. ਦਲਜੀਤ ਸਿੰਘ ਚੀਮਾ ਨੇ ਰਾਜਪਾਲ ਨੂੰ ਆਖਿਆ ਕਿ ਉਹ ਰਾਜ ਭਵਨ ਵਿਚੋਂ ਬਾਹਰ ਨਿਕਲ ਕੇ ਸੂਬੇ ਦੇ ਹਾਲਾਤਾਂ ਦਾ ਤਜ਼ਰਬਾ ਹਾਸਲ ਕਰਨ

ਚੰਡੀਗੜ੍ਹ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੂਬਾ ਚੋਣ ਕਮਿਸ਼ਨ ਮਿਉਂਸਪਲ ਚੋਣਾਂ ਦ”ੌਰਾਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿਚ ਆਪਣਾ ਫਰਜ਼ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫਲ ਹੋਇਆ ਹੈ ਤੇ ਇਸਨੂੰ ਤੁਰੰਤ ਸਮੇਟਿਆ ਜਾਣਾ ਚਾਹੀਦਾ ਹੈ।

ਇਥੇ ਸੂਬਾ ਚੋਣ ਕਮਿਸ਼ਨ ਦੇ ਕਮਿਸ਼ਨਰ ਜਗਪਾਲ ਸਿੰਘ ਸੰਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ  ਜਗਪਾਲ ਸਿੰਘ ਸੰਧੂ ਸੁਬੇ ਦੇ ਖ਼ਜ਼ਾਨੇ ’ਤੇ ਬੋਝ ਸਾਬਤ ਹੋ ਰਹੇ ਹਨ ਕਿਉਂਕਿ ਉਹਨਾਂ ਨੇ ਅਕਾਲੀ ਵਰਕਰਾਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਕੱਲ੍ਹ ਜਗਪਾਲ ਸਿੰਘ ਸੰਧੂ ਨੇ ਕਾਂਗਰਸੀ  ਗੁੰਡਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪਰ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਰਿਪੋਰਟ ਤਲਬ ਕਰਨ ਦਾ ਭਰੋਸਾ ਦੁਆਇਆ ਸੀ।  ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਕਿਹਾ ਹੈ ਕਿ ਕੋਈ ਰਿਪੋਰਟ ਨਹੀਂ ਆਈ ਤੇ ਉਹ ਸਿਰਫ ਰਿਪੋਰਟ ਭੇਜਣ ਵਾਸਤੇ ਚੇਤੇ ਦਾ ਸੁਨੇਹਾ ਯਾਨੀ ਰਿਮਾਇੰਡਰ ਹੀ ਭੇਜ ਸਕਦੇ ਹਨ।

ਡਾ. ਚੀਮਾ ਨੇ ਕਿਹਾ ਕਿ ਅਜਿਹੇ ਬਿਨਾਂ ਤਾਕਤਾਂ ਵਾਲੇ ਕਿਸੇ ਕਮਿਸ਼ਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਰਾਜ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕਮਿਸ਼ਨ ਨੂੰ ਤੁਰੰਤ ਸਮੇਟਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਮਿਸ਼ਨਰ ਨੂੰ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨਾਂ ਤਹਿਤ ਨਾ ਸਿਰਫ ਆਪਣੀ ਅਯੋਗਤਾ ਲੋਕਾਂ ਕੋਲ ਤਬਦੀਲ ਨਹੀਂ ਕਰਨੀ ਚਾਹੀਦੀ ਬਲਕਿ ਆਪ ਹੀ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਡਾ. ਚੀਮਾ ਨੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਵੀ ਅਪੀਲ ਕੀਤੀ ਕਿ ਉਹ ਰਾਜ ਭਵਨ ਵਿਚੋਂ ਬਾਹਰ ਆ ਕੇ ਸੂਬੇ ਦੇ ਹਾਲਾਤ ਦਾ ਆਪ ਤਜ਼ਰਬਾ ਹਾਸਲ ਕਰਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਇਸਦੇ ਗੁੰਡੇ ਰਾਜਪਾਲ ਦੀ ਸੰਵਿਧਾਨਕ ਅਥਾਰਟੀ ਨੂੰ ਹੀ ਚੁਣੌਤੀ ਦੇ ਰਹੇ ਹਨ ਅਤੇ ਉਹਨਾਂ ਨੁੰ ਰਾਜ ਵਿਚ ਵਾਪਰੇ ਰਹੇ ਘਟਨਾ¬ਕ੍ਰਮ ਦਾ ਨੋਟਿਸ ਲੈਂਦਿਆਂ ਖੁਦ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਕੋਈ ਵੀ ਸਹੀ ਸੋਚ ਵਾਲਾ ਵਿਅਕਤੀ ਉਦੋਂ ਚੁੱਪ ਨਹੀਂ ਰਹਿ ਸਕਦਾ ਜਦੋਂ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀ ਜੋ ਰਾਜ ਦਾ ਡਿਪਟੀ  ਮੁੱਖ ਮੰਤਰੀ ਰਹਿ ਚੁੱਕਾ ਹੋਵੇ ਅਤੇ ਇਕ ਸਿਆਸੀ ਪਾਰਟੀ ਦੀ ਅਗਵਾਈ ਕਰ ਰਿਹਾ ਹੋਵੇ, ’ਤੇ ਕਾਤਲਾਨਾ ਹਮਲਾ ਹੋ ਜਾਵੇ।

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੀਰਾ ਵਿਚ ਲੋਕਤੰਤਰ ਦੇ ਕਤਲ ਦਾ ਗੰਭੀਰ ਨੋਟਿਸ ਲਿਆ। ਪਾਰਟੀ ਨੇ ਕਿਹਾ ਕਿ  ਭਾਵੇਂ ਪੁਲਿਸ ਪ੍ਰਸ਼ਾਸਨ ਨੇ ਅਕਾਲੀ ਉਮੀਦਵਾਰਾਂ ਨੂੰ ਭਰੋਸਾ ਦੁਆਇਆ ਸੀ ਕਿ ਉਹਨਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਿੱਤੇ ਜਾਣਗੇ ਪਰ ਅੱਜ ਉਹ ਕਾਂਗਰਸੀਆਂ ਵੱਲੋਂ ਕੀਤੀ ਗੁੰਡਾਗਰਦੀ ਤੇ ਹਿੰਸਾ ਦੇ ਸਾਹਮਣੇ ਮੂਕ ਦਰਸ਼ਕ ਬਣ ਕੇ ਰਹਿ ਗਿਆ।

ਡਾ. ਚੀਮਾ ਨੇ ਕਿਹਾ ਕਿ ਪਹਿਲਾਂ ਪੁਲਿਸ ਉਦੋਂ ਚੁੱਪ ਕਰ ਕੇ ਵੇਖਦੀ ਰਹੀ ਜਦੋਂ ਕਾਂਗਰਸੀਆਂ ਨੇ ਲੰਬੀਆਂ ਕਤਾਰਾਂ ਵਿਚ ਡੰਮੀ ਉਮੀਦਵਾਰ ਖੜ੍ਹੇ ਕਰ ਣਿੱਤੇ ਤਾਂ ਜੋ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜ਼ੀਰਾ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਹੀ ਰੋਕਿਆ ਜਾ ਸਕੇ।  ਉਹਨਾਂ ਕਿਹਾ ਕਿ ਬਾਅਦ ਵਿਚ ਦਿਨ ਵੇਲੇ ਕਾਂਗਰਸੀਆਂ ਨੇ ਅਕਾਲੀ ਉਮੀਦਵਾਰਾਂ ’ਤੇ ਪਥਰਾਅ ਕਰ ਦਿੱਤਾ ਤਾਂ ਜੋ ਉਹ ਮੌਕੇ ਤੋਂ ਭੱਜ ਜਾਣ ਜਿਸ ਕਾਰਨ ਵਿਰੋਧੀ ਧਿਰ ਦਾ ਕੋਈ ਵੀ ਉਮੀਦਵਾਰ ਆਪਣੇ ਕਾਗਜ਼ ਨਹੀਂ ਭਰ ਸਕਿਆ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਫਿਰੋਜ਼ਪੁਰ ਪ੍ਰਸ਼ਾਸਨ ਨੇ ਐਸ ਈ ਸੀ ਨੂੰ ਤੱਥਾਂ ’ਤੇ ਆਧਾਰਿਤ ਰਿਪੋਰਟ ਨਹੀਂ ਸੌਂਪੀ ਜਦਕਿ ਸੂਬਾ ਚੋਣ ਕਮਿਸ਼ਨ ਆਪ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!