ਅਕਾਲੀ ਦਲ ਵਲੋਂ ਭਾਜਪਾ ਲੀਡਰਾਂ ਨੂੰ ਸੁਰੱਖਿਆ ਦੇਣ ਦਾ ਵਿਰੋਧ

ਚੰਡੀਗੜ੍ਹ, 26 ਦਸੰਬਰ : ਕਿਸੇ ਸਮੇ ਭਾਜਪਾ ਦੀ ਸਹਿਯੋਗੀ ਰਹੀ ਪਾਰਟੀ ਅਕਾਲੀ ਦਲ ਪੰਜਾਬ ਅੰਦਰ ਭਾਜਪਾ ਨੇਤਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਿਰੋਧ ਕੀਤਾ ਹੈ । ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਨੂੰ ਭਾਰਤੀ ਜਨਤਾ ਪਾਰਟੀ ਪ੍ਰੋਫੈਕਸ਼ਨ ਫੋਰਸਵਿਚ ਤਬਦੀਲ ਕਰ ਦਿੱਤਾ ਹੈ ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅਮਿਤ ਸ਼ਾਹ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੁੰ ਸਰਗਰਮ ਡਿਊਟੀ ਤੋਂ ਹਟਾ ਕੇ ਉਹਨਾਂ ਨੂੰ ਭਾਜਪਾ ਆਗੂਆਂ ਦੇ ਘਰਾਂ ਤੇ ਵਪਾਰਕ ਅਦਾਰਿਆਂ ਦੀ ਰਾਖੀ ਦਾ ਕੰਮ ਸੌਂਪ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਮੁਲਾਜ਼ਮਾਂ ਨੁੰ ਮੁੜ ਸਰਗਰਮ ਡਿਊਟੀ ’ਤੇ ਤਾਇਨਾਤ ਨਾ ਕੀਤਾ ਤਾਂ ਉਹਨਾਂ ਨੂੰ ਪੰਜਾਬੀਆਂ ਦੇ ਰਾਹ ਦਾ ਸਾਹਮਣਾ ਕਰਨਾ ਪਵੇਗਾ ਤੇ ਪੰਜਾਬੀ ਉਹਨਾਂ ਦੀ ਇਸ ਕਾਇਰਾਨਾ ਹਰਕਤ ਨੁੰ ਬਰਦਾਸ਼ਤ ਨਹੀਂ ਕਰਨਗੇ।
ਰੋਮਾਣਾ ਨੇ ਕਾਂਗਰਸ ਸਰਕਾਰ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅੱਜ ਬਠਿੰਡਾ ਦੌਰੇ ਦੌਰਾਨ ਡੁੱਲ ਡੁੱਲ ਕੇ ਖੁਸ਼ਾਮਦ ਕਰਨ ਦਾ ਤਰੀਕੇ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਚਾਰ ਜ਼ਿਲਿ੍ਹਆਂ ਦੀ ਪੁਲਿਸ ਫੋਰਸ ਉਹਨਾਂ ਦੀ ਅਸਲ ਡਿਊਟੀ ਦੀ ਥਾਂ ਸ਼ਰਮਾ ਦੀ ਰਾਖੀ ’ਤੇ ਲਗਾ ਦਿੱਤੀ ਗਈ।