ਪੰਜਾਬ

ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ


ਪਹਿਲੇ ਪੜਾਅ ਵਿਚ ਸਕੀਮ ਤਹਿਤ 280 ਸਕੂਲਾਂ ਦੇ ਅੱਠਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ


ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ, ਗੈਰ-ਹਥਿਆਰਬੰਦ ਮੁਕਾਬਲੇ ਬਾਰੇ ਸਿਖਲਾਈ, ਕਾਨੂੰਨੀ ਹੱਕ ਤੇ ਜ਼ਿੰਮੇਵਾਰੀਆਂ ਅਤੇ ਚਰਿੱਤਰ ਨਿਰਮਾਣ ਤੇ ਕਦਰਾਂ-ਕੀਮਤਾਂ ਬਾਰੇ ਜਾਗਰੂਕ ਕੀਤਾ ਜਾਵੇਗਾ

ਚੰਡੀਗੜ੍ਹ, 22 ਅਗਸਤ

ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿਚ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਸ਼ੁਰੂਆਤ ਕੀਤੀ।

ਇਸ ਸਕੀਮ ਤਹਿਤ ਪਹਿਲੇ ਪੜਾਅ ਵਿਚ ਸੂਬੇ ਦੇ 280 ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ ਹੋਈ ਹੈ ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਸਮਾਗਮ ਵਿਚ ਹਿੱਸਾ ਲਿਆ।


ਇਸ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਸ  ਦਾ ਕੋਰਸ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਤਿਆਰ ਕੀਤਾ ਗਿਆ ਜੋ ਮੌਜੂਦਾ ਵਿਦਿਅਕ ਸਾਲ 2023-24 ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਸਾਲਾਂ ਵਿਚ ਕਰਵਾਇਆ ਜਾਵੇਗਾ। ਦੋ ਸਾਲਾ ਕੋਰਸ ਤਹਿਤ ਏਹੀ ਵਿਦਿਆਰਥੀ ਵਿਦਿਅਕ ਵਰ੍ਹੇ 2024-25 ਵਿਚ ਨੌਵੀਂ ਜਮਾਤ ਵਿਚ ਇਸ ਸਕੀਮ ਦਾ ਹਿੱਸਾ ਬਣੇ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਹਰੇਕ ਸਕੂਲ ਲਈ 50 ਹਜ਼ਾਰ ਰੁਪਏ ਸਾਲਾਨਾ ਅਲਾਟ ਕੀਤੇ ਗਏ ਹਨ। ਇਹ ਸਕੀਮ ਸੂਬੇ ਦੇ 28  ਜ਼ਿਲ੍ਹਿਆਂ (23 ਮਾਲ ਜ਼ਿਲ੍ਹੇ ਅਤੇ ਪੰਜ ਪੁਲਿਸ ਜ਼ਿਲ੍ਹੇ) ਵਿਚ ਲਾਗੂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਹਰੇਕ ਜ਼ਿਲ੍ਹੇ ਵਿਚ 10 ਸਕੂਲਾਂ ਵਿੱਚੋਂ ਪ੍ਰਤੀ ਸਕੂਲ 40 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਸ ਨਾਲ ਕੁੱਲ 11200 ਵਿਦਿਆਰਥੀ ਚੁਣੇ ਗਏ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਇਨਡੋਰ ਕੋਰਸ ਮੁਕੰਮਲ ਕਰਨ ਲਈ ਹਰੇਕ ਮਹੀਨੇ ਇਕ ਕਲਾਸ ਲਾਈ ਜਾਵੇਗੀ ਜਿਸ ਨਾਲ ਵਿਦਿਆਰਥੀਆਂ ਦੇ ਸਕੂਲ ਪਾਠਕ੍ਰਮ ਵਿਚ ਕੋਈ ਵੱਡਾ ਵਾਧਾ ਨਹੀਂ ਹੋਵੇਗਾ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਜਾਂ ਹਫ਼ਤੇ ਦੇ ਅਖੀਰਲੇ ਦਿਨ ਮੌਕੇ ਮਹੀਨੇ ਵਿਚ ਦੋ ਵਾਰ ਬਾਹਰੀ ਸਰਗਰਮੀਆਂ ਲਈ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਪੁਲਿਸ ਦੇ ਕੰਮਕਾਜ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਨ ਦਾ ਮੌਕਾ ਹਾਸਲ ਹੋਵੇਗਾ।

ਦੋ ਸਾਲਾ ਕੋਰਸ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ‘ਸਟੂਡੈਂਟ ਕੈਡਿਟ ਸਕੀਮ’ ਬਾਰੇ ਮੁਢਲੀ ਜਾਣਕਾਰੀ, ਭ੍ਰਿਸ਼ਟਾਚਾਰ, ਸਾਈਬਰ ਅਪਰਾਧ, ਅਪਰਾਧ ਦੇ ਵੱਖ-ਵੱਖ ਸਰੂਪ, ਭਰੂਣ ਹੱਤਿਆ, ਸੜਕ ਸੁਰੱਖਿਆ, ਬੱਚਿਆ ਦੀ ਸੁਰੱਖਿਆ, ਨਸ਼ਿਆਂ ਦੀ ਲਾਹਨਤ ਬਾਰੇ ਜਾਗਰੂਕਤਾ ਸੈਸ਼ਨ, ਘਰੇਲੂ ਹਿੰਸਾ, ਫਸਟ ਏਡ, ਆਫ਼ਤ ਮੌਕੇ ਹੰਗਾਮੀ ਸੇਵਾਵਾਂ ਅਤੇ ਕੁਇੰਜ਼ ਮੁਕਾਬਲੇ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਵਿਦਿਆਰਥੀ ਪੁਲਿਸ ਦਫ਼ਤਰਾਂ, ਪੁਲਿਸ ਥਾਣਿਆਂ, ਸਾਈਬਰ ਸੈੱਲ, ਫੌਰੈਂਸਿਕ ਲੈਬ, ਪੁਲਿਸ ਸਿਖਲਾਈ ਕੇਂਦਰ ਅਤੇ ਹੋਰ ਸਬੰਧਤ ਸਰਕਾਰੀ ਸੰਸਥਾਵਾਂ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ, ਗਣਤੰਤਰ ਦਿਵਸ/ਆਜ਼ਾਦੀ ਦਿਵਸ ਪਰੇਡ ਵਿਚ ਹਿੱਸਾ ਲੈਣ, ਗੈਰ-ਹਥਿਆਰਬੰਦ ਮੁਕਾਬਲੇ ਬਾਰੇ ਸਿਖਲਾਈ, ਕਾਨੂੰਨੀ ਹੱਕਾਂ ਤੇ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਕਾਨੂੰਨੀ ਵਿਵਸਥਾ ਲਈ ਵੱਖ-ਵੱਖ ਡਿਊਟੀਆਂ ਬਾਰੇ ਪੁਲਿਸ ਨਾਲ ਇੰਟਰਸ਼ਿਪ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਮਾਜ ਸੇਵਾ ਨਾਲ ਸਬੰਧਤ ਸਰਗਰਮੀਆਂ ਨਾਲ ਵਿਦਿਆਰਥੀਆਂ ਨੂੰ ਜੋੜਿਆ ਜਾਵੇਗਾ ਅਤੇ ਚਰਿੱਤਰ ਨਿਰਮਾਣ ਤੇ ਕਦਰਾਂ-ਕੀਮਤਾਂ ਨੂੰ ਕੋਰਸ ਦਾ ਹਿੱਸਾ ਬਣਾਇਆ ਗਿਆ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਪੁਲਿਸ ਦੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਸਿੱਖਿਆ ਵਿਭਾਗ ਆਪਸੀ ਤਾਲਮੇਲ ਨਾਲ  ਕੰਮ ਕਰਨਗੇ। ਰਿਸੋਰਸ ਪਰਸਨ ਵਜੋਂ ਅਧਿਆਪਕ ਪੁਲਿਸ ਵਿਭਾਗ ਦੇ ਸਾਂਝ ਕੇਂਦਰਾਂ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਤਾਲਮੇਲ ਕਰਕੇ ਇਕ ਇਨਡੋਰ ਕਲਾਸ ਅਤੇ ਢਾਈ ਦਿਨ ਆਊਟਡੋਰ ਕਲਾਸਾਂ ਲਾਉਣਗੇ।

ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 269 ਸਕੂਲ ਅਧਿਆਪਕਾਂ ਤੇ 59 ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!